ਮੁਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿਚ ਲੱਗ ਰਹੀਆਂ ਡਿਜ਼ਾਈਨਰ ਲਾਈਟਾਂ ਦੇ ਕੰਮ ਦੀ ਨਜ਼ਰਸਾਨੀ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਲਗਵਾਈਆਂ ਇਹ ਲਾਈਟਾਂ ਨਾ ਸਿਰਫ਼ ਬਹੁਤ ਖੂਬਸੂਰਤ ਦਿੱਖ ਪ੍ਰਦਾਨ ਕਰਦੀਆਂ ਹਨ ਸਗੋਂ ਇਨ੍ਹਾਂ ਮਾਰਕੀਟਾਂ ਵਿਚ ਭਰਪੂਰ ਰੋਸ਼ਨੀ ਦਾ ਪ੍ਰਬੰਧ ਰਹੇਗਾ ਅਤੇ ਮਾਰਕੀਟਾਂ ਦੀ ਦਿੱਖ ਉੱਤੇ ਵੀ ਇਸ ਦਾ ਸਕਾਰਾਤਮਕ ਅਸਰ ਪਵੇਗਾ।ਉਨ੍ਹਾਂ ਕਿਹਾ ਕਿ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਸਟਰੀਟ ਉੱਤੇ ਪੈਂਦੀਆਂ ਸਮੁੱਚੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਅਜਿਹੀਆਂ ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸ ਤੋਂ ਪਹਿਲਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਸਮੁੱਚੀਆਂ ਮਾਰਕੀਟਾਂ ਵਿੱਚ ਲਾਲ ਪੱਥਰ ਲਗਵਾਇਆ ਗਿਆ ਅਤੇ ਗਰਿੱਲਾਂ ਵੀ ਨਵੀਆਂ ਲਗਾਈਆਂ ਗਈਆਂ ਹਨ ਜਿਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਮੋਹਾਲੀ ਸ਼ਹਿਰ ਦੇ ਵਿਕਾਸ ਅਤੇ ਬਿਹਤਰੀ ਲਈ ਪ੍ਰਤੀਬੱਧ ਹੈ  ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਮਾਰਕੀਟਾਂ ਦੀਆਂ ਸੰਸਥਾਵਾਂ ਅਤੇ ਸਥਾਨਕ ਰਿਹਾਇਸ਼ੀ ਖੇਤਰਾਂ ਵਿੱਚ ਉੱਥੋਂ ਦੀਆਂ ਸਮਾਜ ਭਲਾਈ ਸੰਸਥਾਵਾਂ  ਦੀ ਰਾਇ ਅਤੇ ਸਲਾਹ ਅਨੁਸਾਰ ਹੀ ਕਰਵਾਏ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ਕਿ ਹੋ ਰਹੇ ਕੰਮਾਂ ਵਿੱਚ ਕਿਸੇ ਵੀ ਤਰੀਕੇ ਨਾਲ ਕੁਆਲਿਟੀ ਨਾਲ ਸਮਝੌਤਾ ਨਾ ਹੋਵੇ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *