ਮੁਹਾਲੀ, 11 ਅਪ੍ਰੈਲ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਦੇਸ਼ ਦੀ ਸੇਵਾ ਲਈ ਵੱਡੇ ਪੱਧਰ ਤੇ ਫ਼ੌਜੀ ਅਫ਼ਸਰ ਤਿਆਰ ਕੀਤੇ ਜਾ ਰਹੇ ਹਨ। 2011 ਦੇ ਪਹਿਲੇ ਬੈਚ ਤੋਂ ਹੁਣ ਤੱਕ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਇਕੱਠੇ ਉਪਰਾਲੇ ਸਦਕਾ ਹੁਣ ਤੱਕ ਦੇਸ਼ ਨੂੰ 180 ਅਫ਼ਸਰ ਮਿਲੇ ਹਨ। ਇਸ ਸਾਲ ਵੀ ਇਸ ਗੱਠਜੋੜ ਨਾਲ 12 ਵਿਦਿਆਰਥੀ ਐਨ ਡੀ ਏ ਵਿਚ ਸਫਲ ਰਹੇ ਹਨ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਵੱਲੋਂ ਕੈਂਪਸ ਵਿਚ ਰੱਖੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ।
ਸ਼ੈਮਰਾਕ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਪਿਛੋਕੜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਨ੍ਹਾਂ 12 ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਛੋਟੇ ਸ਼ਹਿਰਾਂ,ਕਸਬਿਆਂ ਜਾਂ ਪੇਂਡੂ ਇਲਾਕੇ ਨਾਲ ਸਬੰਧਿਤ ਹਨ । ਜੋ ਕਿ ਆਪਣੇ ਇਲਾਕਿਆਂ ਵਿਚ ਰਹਿੰਦੇ ਹੋਏ ਇਸ ਲਾਸਾਨੀ ਕਾਮਯਾਬੀ ਨੂੰ ਸੋਚ ਵੀ ਨਹੀਂ ਸਕਦੇ ਸਨ ।ਇਨ੍ਹਾਂ ਬਾਰ੍ਹਵੀਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਨਾਮ ਉਦੈ ਬੀਰ ਸਿੰਘ, ਦਿਲਪ੍ਰੀਤ ਸਿੰਘ, ਵਿਸ਼ੇਸ਼ ਸੂਦ, ਅਕਸ਼ਾਂਸ਼ ਅਗਰਵਾਲ, ਅਭੈ ਸਿੰਘ ਰਾਘਵ, ਤਨਮੈ ਸਰਮਾ, ਰਿਦਮ ਮਹਾਜਨ, ਹਰਮਨ ਵੀਰ ਸਿੰਘ, ਅਨੁਰਾਗ ਚੌਹਾਨ, ਅਨਿਕੇਤ ਕੋਹਲ, ਅਰਪਿਤ ਪਰਾਸ਼ਰ ਅਤੇ ਸਵਾਸਤਿਕ ਹਨ।
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਏਅਰ ਕਾਂਮਡਰ (ਰਿਟਾ.) ਨਿਤਿਨ ਸਾਂਠੇ ਨੇ ਦੱਸਿਆ ਕਿ ਪੂਰੇ ਭਾਰਤ ਤੋਂ ਕਰੀਬ ਸਾਢੇ ਚਾਰ ਲੱਖ ਦੇ ਕਰੀਬ ਉਮੀਦਵਾਰਾਂ ਨੇ ਐਨ ਡੀ ਏ ਦੀਆਂ 148 ਸੀਟਾਂ ਲਈ ਇਹ ਇਮਤਿਹਾਨ ਦਿਤਾ ਸੀ । ਉਨ੍ਹਾਂ ਅੱਗੇ ਕਿਹਾ ਬੇਸ਼ੱਕ ਦੇਸ਼ ਦੇ ਹਰ ਸੂਬੇ ਵਿਚ ਸੈਨਿਕ ਸਕੂਲ ਅਤੇ ਪ੍ਰਾਈਵੇਟ ਸੰਸਥਾਵਾਂ ਵੱਡੇ ਪੱਧਰ ਤੇ ਐਨ ਡੀ ਏ ਦੀ ਤਿਆਰੀ ਕਰਵਾਈ ਜਾਂਦੀ ਹੈ ਪਰ ਕਿਸੇ ਵੀ ਸੰਸਥਾ ਦੇ ਵਿਦਿਆਰਥੀ ਇਕਠੇ ਸਫਲ ਨਹੀ ਹੋਏ ਹਨ ਜੋ ਕਿ ਇਕ ਰਿਕਾਰਡ ਹੈ।ਏਅਰ ਕਾਂਮਡਰ (ਰਿਟਾ.) ਨਿਤਿਨ ਸਾਂਠੇ ਨੇ ਇਸ ਲਾਸਾਨੀ ਕਾਮਯਾਬੀ ਦਾ ਸਿਹਰਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਸਾਂਝੀ ਟੀਮ ਨੂੰ ਦਿੰਦੇ ਹੋਏ ਇਸ ਲਈ ਵਧਾਈ ਵੀ ਦਿਤੀ।
ਇਸ ਮੌਕੇ ਤੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ ‘ਚ ਸਫਲ ਰਹੇ ਹਨ ਅਤੇ ਉਹ ਛੇਤੀ ਤੋਂ ਛੇਤੀ ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰਨਾ ਚਾਹੁੰਦੇ ਹਨ । ਇਸ ਮੌਕੇ ਤੇ ਸ਼ੈਮਰਾਕ ਸਕੂਲ ਦੇ ਐਮ ਡੀ ਕਰਨ ਬਾਜਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *