ਸੁਨਾਮ ਊਧਮ ਸਿੰਘ ਵਾਲਾ, 10 ਨਵੰਬਰ (ਜਗਸੀਰ ਲੌਂਗੋਵਾਲ)- ਪੰਜਾਬ ਸਰਕਾਰ ਇਕ ਪਾਸੇ ਦਮਗਜੇ ਮਾਰ ਰਹੀ ਹੈ ਕਿ ਉਹ 36 ਹਜਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਜਾ ਰਹੀ ਹੈ ਦੂਜੇ ਪਾਸੇ ਪਿਛਲੇ 15 ਤੋਂ 18 ਸਾਲਾਂ ਤੋਂ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਆਯੋਗ ਕਰਾਰ ਦੇ ਕੇ ਉਨਾਂ ਨੂੰ ਨੌਕਰੀ ਵਿਚੋਂ ਕੱਢ ਕੇ ਆਪਾ ਵਿਰੋਧੀ ਕਾਰਜ ਕਰਨ ਤੇ ਤੁਲੀ ਹੋਈ ਹੈ ਅਤੇ 906 ਪ੍ਰੀਵਾਰਾਂ ਦੇ ਮੁੰਹ ਦਾ ਨਿਵਾਲਾ ਖੋਹਣ ਦੀ ਤਿਆਰੀ ਕਰੀ ਬੈਠੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਥਾਨਕ ਸਰਕਾਰੀ ਕਾਲਜ ਵਿਚ ਧਰਨਾ ਲਾਈ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਧਰਨੇ ਵਿਚ ਸੰਬੋਧਨ ਦੌਰਾਨ ਕੀਤਾ ।
ਉਨ੍ਹਾਂ ਕਿਹਾ ਕਿ ਇਹ ਪ੍ਰੋਫੈਸਰ ਆਯੋਗ ਕਿਵੇਂ ਹੋ ਸਕਦੇ ਹਨ ਜਦਕਿ ਸਰਕਾਰ ਨੇ ਇਨਾਂ ਨੂੰ ਮੁਢਲੀਆਂ ਯੋਗਤਾਵਾਂ ਨੂੰ ਪੂਰਾ ਕਰਨ ਤੇ ਹੀ ਨੌਕਰੀ ਤੇ ਲਗਾਇਆ ਸੀ ਫਿਰ ਜੇਕਰ ਇਹ ਅਧਿਆਪਕ ਆਯੋਗ ਹਨ ਤਾਂ ਕਿ ਇਨਾਂ ਨੇ ਪਿਛਲੇ 15-18 ਸਾਲਾਂ ਵਿਚ ਜੋ ਵਿਦਿਆਰਥੀ ਪੜਾਏ ਹਨ ਉਹ ਵੀ ਆਯੋਗ ਹਨ, ਅਮਨ ਅਰੋੜਾ ਨੇ ਕਿਹਾ ਕਿ ਇਹ ਫੈਸਲਾ ਤਰਕਸੰਗਤ ਨਹੀ ਹੈ, ਸਰਕਾਰ ਨੂੰ ਅਜਿਹੇ ਜਨ ਵਿਰੋਧੀ ਫੈਸਲੇ ਕਰਨ ਸਮੇ ਸ਼ਰਮ ਆਉਣੀ ਚਾਹੀਦੀ ਹੈ। ਉਨਾ ਕਿਹਾ ਕਿ ਉਹ ਇਸ ਵਿਧਾਨ ਸਭਾ ਸ਼ੈਸਨ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਇਸ ਮਸਲੇ ਨੂੰ ਉਠਾਉਣਗੇ ਤੇ ਸਰਕਾਰ ਤੇ ਇਸ ਸਬੰਧੀ ਦਬਾਅ ਬਣਾਇਆ ਜਾਵੇਗਾ ਕਿ ਉਹ ਇਨਾਂ ਪ੍ਰੋਫੈਸਰਾਂ ਨੂੰ ਰੈਗੁਲਰ ਕਰਨ। ਵਰਨਣਚਯੋਗ ਹੈ ਕਿ ਉਕਤ ਪ੍ਰੋਫੈਸਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਸਾਹਮਣੇ , ਸਰਕਾਰ ਦੇ ਉਨਾਂ ਨੂੰ ਨੌਕਰੀ ਤੋਂ ਕੱਢਣ ਦੀ ਵਿਉਂਤਬੰਧੀ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਇਸ ਸਬੰਧੀ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਸਰਕਾਰ ਨੂੰ ਜਾਣੂ ਕਰਵਾਇਆ ਹੋਇਆ ਹੈ ਅਤੇ ਉਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ਵਿਚ ਆਪਣੇ ਪਰਿਵਾਰਾਂ, ਵਿਦਿਆਰਥੀ ਜੱਥੇਬੰਦੀਆਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦੇ ਚੁੱਕੇ ਹਨ ।

 

Leave a Reply

Your email address will not be published. Required fields are marked *