ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇੱਕ ਅਜਿਹੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਦਿੱਵਯਾਂਗਜਨਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਵੇ। ਉਨ੍ਹਾਂ ਕਿਹਾ ਕਿ ਦਿੱਵਯਾਂਗਜਨਾਂ ਨੂੰ ਹਮਦਰਦੀ ਦੀ ਨਹੀਂ ਬਲਕਿ ਸੰਵੇਦਨਾ ਦੀ ਜ਼ਰੂਰਤ ਹੁੰਦੀ ਹੈ।

ਅੱਜ ਨੇਲੋਰ, ਆਂਧਰ ਪ੍ਰਦੇਸ਼ ਵਿਖੇ ‘ਕੰਪੋਜ਼ਿਟ ਰੀਜਨਲ ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਪਰਸਨਸ ਵਿਦ ਡਿਸਏਬਿਲਿਟੀਜ਼’ ਦੇ ਸਟਾਫ਼ ਅਤੇ ਟ੍ਰੇਨੀਜ਼ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਦਿੱਵਯਾਂਗਜਨ ਕਿਸੇ ਵੀ ਖੇਤਰ ਵਿੱਚ ਉੱਤਮਤਾ ਹਾਸਲ ਕਰ ਸਕਦੇ ਹਨ ਜੇਕਰ ਉਨ੍ਹਾਂ ਲਈ ਇੱਕ ਯੋਗ ਅਤੇ ਅਨੁਕੂਲ ਮਾਹੌਲ ਬਣਾਇਆ ਗਿਆ ਹੋਵੇ।

ਹਾਲ ਹੀ ਵਿੱਚ ਆਯੋਜਿਤ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪੈਰਾਲੰਪਿਅਨਾਂ ਦੁਆਰਾ ਪ੍ਰਦਰਸ਼ਿਤ ਦ੍ਰਿੜ੍ਹਤਾ ਅਤੇ ਕਠੋਰ ਮਿਹਨਤ ਨੇ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਿਕਲਾਂਗਤਾ ਨੂੰ ਸੰਜਮ ਅਤੇ ਇੱਛਾ ਸ਼ਕਤੀ ਨਾਲ ਦੂਰ ਕੀਤਾ ਜਾ ਸਕਦਾ ਹੈ।

ਉਪ ਰਾਸ਼ਟਰਪਤੀ ਨੇ ਰੁਕਾਵਟ ਰਹਿਤ ਯਾਤਰਾ ਲਈ ਦਿੱਵਯਾਂਗਜਨਾਂ ਦੇ ਅਨੁਕੂਲ ਜਨਤਕ ਬੁਨਿਆਦੀ ਢਾਂਚਾ ਬਣਾਉਣ ਦਾ ਸੱਦਾ ਦਿੱਤਾ। ਕੌਸ਼ਲ ਟ੍ਰੇਨਿੰਗ ਦੁਆਰਾ ਦਿੱਵਯਾਂਗਜਨਾਂ ਨੂੰ ਸਸ਼ਕਤ ਬਣਾਉਣ ਲਈ ਸੀਆਰਸੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨਿਜੀ ਖੇਤਰ ਨੂੰ ਵੀ ਅੱਗੇ ਆਉਣ ਅਤੇ ਦਿੱਵਯਾਂਗਜਨਾਂ ਨੂੰ ਸਰਗਰਮੀ ਨਾਲ ਰੋਜ਼ਗਾਰ ਪ੍ਰਦਾਨ ਕਰਨ ਦੀ ਅਪੀਲ ਕੀਤੀ।

 ਉਪ ਰਾਸ਼ਟਰਪਤੀ ਨੇ ਦਿੱਵਯਾਂਗ ਲਾਭਾਰਥੀਆਂ ਨੂੰ ਏਡਜ਼ ਅਤੇ ਉਪਕਰਣ ਵੀ ਵੰਡੇ

ਸੀਆਰਸੀ, ਨੇਲੋਰ, ਨੈਸ਼ਨਲ ਇੰਸਟੀਚਿਊਟ ਫਾਰ ਦਾ ਏਪਾਵਰਮੈਂਟ ਆਵ੍ ਪਰਸਨਸ ਵਿਦ ਇੰਟਲੈਕਚੁਅਲ ਡਿਸਏਬਿਲਿਟੀਜ਼ (ਐੱਨਆਈਈਪੀਆਈਡੀ), ਸਿਕੰਦਰਾਬਾਦ ਦੇ ਪ੍ਰਬੰਧਕੀ ਨਿਯੰਤਰਣ ਦੇ ਤਹਿਤ ਕੰਮ ਕਰ ਰਿਹਾ ਹੈ, ਅਤੇ ਵਰਤਮਾਨ ਵਿੱਚ ਵਿਸ਼ੇਸ਼ ਤੌਰ ‘ਤੇ ਯੋਗ ਵਿਅਕਤੀਆਂ ਨੂੰ ਵਿਭਿੰਨ ਵੋਕੇਸ਼ਨਲ ਟ੍ਰੇਡਾਂ ਜਿਵੇਂ ਕਿ ਡੇਟਾ ਐਂਟਰੀ ਅਪ੍ਰੇਸ਼ਨ, ਸਿਲਾਈ ਮਸ਼ੀਨ ਸੰਚਾਲਨ, ਆਫ਼ਿਸ ਅਸਿਸਟੈਂਟ ਟ੍ਰੇਨਿੰਗ ਅਤੇ ਐੱਲਈਡੀ ਬੋਰਡ ਬਣਾਉਣ ਸਮੇਤ ਕਈ ਹੋਰ ਟ੍ਰੇਡਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰਦਾਨ ਕਰ ਰਿਹਾ ਹੈ।

ਇਸ ਮੌਕੇ ‘ਤੇ ਨੈਸ਼ਨਲ ਇੰਸਟੀਟਿਊਟ ਫਾਰ ਦ ਏਪਾਵਰਮੈਂਟ ਆਫ਼ ਪਰਸਨਜ਼ ਵਿਦ ਇੰਟਲੈਕਚੁਅਲ ਡਿਸਏਬਿਲਿਟੀਜ਼, ਸਿਕੰਦਰਾਬਾਦ (ਐੱਨਆਈਈਪੀਆਈਡੀ), ਸੀਆਰਸੀ, ਨੇਲੋਰ ਦੇ ਸਟਾਫ਼ ਅਤੇ ਟ੍ਰੇਨੀਜ਼ ਹਾਜ਼ਰ ਸਨ।

ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਸਵਰਣ ਭਾਰਤ ਟਰੱਸਟ, ਨੇਲੋਰ ਵਿੱਚ ਕੌਸ਼ਲਯਾ ਸਦਨ – ਗ੍ਰਾਮੀਣ ਸਵੈ-ਸਸ਼ਕਤੀਕਰਨ ਟ੍ਰੇਨਿੰਗ ਸੰਸਥਾ (ਆਰਐੱਸਈਟੀਆਈ) ਦਾ ਉਦਘਾਟਨ ਕੀਤਾ।  ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਸਸ਼ਕਤ ਕਰਨਾ ਸਾਡੇ ਰਾਸ਼ਟਰ ਦੀ ਵਿਕਾਸ ਕਹਾਣੀ ਲਈ ਮਹੱਤਵਪੂਰਨ ਹੈ। ਕੌਸ਼ਲਯ ਸਦਨ ਦਾ ਫੋਕਸ ਸਮਾਜ ਦੇ ਪਿਛੜੇ ਵਰਗਾਂ ਨੂੰ ਵੋਕੇਸ਼ਨਲ ਕੌਸ਼ਲ ਪ੍ਰਦਾਨ ਕਰਨਾ ਹੈ। ਇਸ ਮੌਕੇ ਸ਼੍ਰੀ ਨਾਇਡੂ ਨੇ ਟਰੱਸਟ ਵਿੱਚ ਚੇਂਚੂ ਆਦਿਵਾਸੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ, ਜੋ ਆਂਧਰ ਪ੍ਰਦੇਸ਼ ਦੇ ਸ਼੍ਰੀਸੈਲਮ ਨੇੜੇ ਇਰਾਗੋਂਡਾਪਲੇਮ ਪਿੰਡ ਤੋਂ ਆਏ ਸਨ।

ਇਸ ਮੌਕੇ ਸ਼੍ਰੀ ਮਗੁੰਟਾ ਸ਼੍ਰੀਨਿਵਾਸੂਲ ਰੈੱਡੀ, ਮੈਂਬਰ, ਲੋਕ ਸਭਾ, ਸ਼੍ਰੀ ਕਾਮਨੇਨੀ ਸ਼੍ਰੀਨਿਵਾਸ, ਸਾਬਕਾ ਮੰਤਰੀ, ਆਂਧਰ ਪ੍ਰਦੇਸ਼ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *