ਡਟ ਕੇ ਖਡ਼੍ਹੇ ਹਾਂ ਅਤੇ ਖੜ੍ਹੇ ਰਹਾਂਗੇ ਬਲਬੀਰ ਸਿੰਘ ਸਿੱਧੂ ਦੇ ਨਾਲ।

ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ-ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਮੇਤ ਸਮੁੱਚੇ 37 ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਸੰਬੰਧੀ ਮੰਥਨ ਕੀਤਾ। ਇਸ ਮੌਕੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਮੁੱਚੇ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਕਿ ਉਹ ਬਲਬੀਰ ਸਿੰਘ ਸਿੱਧੂ ਨਾਲ ਖਡ਼੍ਹੇ ਹਨ ਅਤੇ ਖੜ੍ਹੇ ਰਹਿਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਚਲਦਿਆਂ ਉਨ੍ਹਾਂ ਅਫਵਾਹਾਂ ਪੂਰਨ ਵਿਰਾਮ ਲੱਗ ਗਿਆ ਹੈ ਜਿਨ੍ਹਾਂ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੁਝ ਕਾਂਗਰਸੀ ਕੌਂਸਲਰ ਕਾਂਗਰਸ ਨੂੰ ਛੱਡਣ ਜਾ ਰਹੇ ਹਨ।ਇਸ ਮੀਟਿੰਗ ਵਿੱਚ ਹਾਜ਼ਰ ਸਮੂਹ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਤਾਂ ਹੁਣ ਇਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੁਣੀਆਂ ਹੋਈਆਂ ਸੰਸਥਾਵਾਂ ਵਿਚ ਰੋੜੇ ਨਾ ਅਟਕਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਪਹਿਲਾਂ ਵਾਂਗ ਹੀ ਮੋਹਾਲੀ ਵਿਚ ਵਿਕਾਸ ਕਾਰਜ ਜਾਰੀ ਰੱਖੇਗੀ ਅਤੇ ਨਵੀਂ ਸਰਕਾਰ ਤੋਂ ਵਿਕਾਸ ਕਾਰਜਾਂ ਵਾਸਤੇ ਪੂਰਾ ਸਹਿਯੋਗ ਲਵੇਗੀ ਅਤੇ ਆਪਣਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਸਿਹਤਮੰਦ ਰਾਜਨੀਤੀ ਦਾ ਤਕਾਜ਼ਾ ਵੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਹੈ ਉਹ ਸਵੀਕਾਰ ਕਰਦੇ ਹਨ ਅਤੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਨਵੀਂ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁਹਾਲੀ ਦੇ ਕੌਂਸਲਰ ਕਿਸੇ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਅਤੇ ਉਹ ਖੁਦ ਹਰ ਤਰ੍ਹਾਂ ਨਾਲ ਕੌਂਸਲਰਾਂ ਦੇ ਦੁੱਖ- ਸੁਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।ਇਸ ਮੌਕੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਹਾਰ ਦੀ ਸਮੀਖਿਆ ਕਰਦਿਆਂ ਮੁਹਾਲੀ ਦੇ ਕੌਂਸਲਰਾਂ ਨੇ ਕਿਹਾ ਕਿ ਸਿਰਫ਼ ਮੋਹਾਲੀ ਵਿਧਾਨ ਸਭਾ ਹੀ ਨਹੀਂ ਸਗੋਂ ਪੰਜਾਬ ਪੱਧਰ ਤੇ ਕਾਂਗਰਸ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਪਾਰਟੀ ਦਾ ਅੰਦਰੂਨੀ ਕਲੇਸ਼ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਪੰਜਾਬ ਵਿੱਚ ਮੁੜ ਸਰਕਾਰ ਬਣਾਉਣ ਲਈ ਇਕ ਨੰਬਰ ਤੇ ਚੱਲ ਰਹੀ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹਿ ਗਈ ਅਤੇ ਇਸ ਦੇ ਵੱਡੇ ਵੱਡੇ ਆਗੂ ਚੋਣ ਹਾਰ ਗਏ। ਇਨ੍ਹਾਂ ਕੌਂਸਲਰਾਂ ਦਾ ਇਹ ਵੀ ਕਹਿਣਾ ਸੀ ਕਿ ਮੋਹਾਲੀ ਵਿਧਾਨ ਸਭਾ ਦੇ ਅੰਕੜੇ ਕਿਸੇ ਵੀ ਪਾਸੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਕੋਈ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਨਹੀਂ ਦਿਸਦੇ ਸਗੋਂ ਅਕਾਲੀ ਦਲ ਦੀ ਸਾਰੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦਾ ਜਿੰਨਾ ਵਿਕਾਸ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਇਆ ਹੈ ਉਨ੍ਹਾਂ ਵਿਕਾਸ ਪਹਿਲਾਂ ਕਦੇ ਘਰ ਵਿੱਚ ਦਿਖਾਈ ਨਹੀਂ ਦਿੱਤਾ। ਉਨ੍ਹਾਂ ਦੁਹਰਾਇਆ ਕਿ ਉਹ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ ਅਤੇ ਖੜ੍ਹੇ ਰਹਿਣਗੇ। ਉਨ੍ਹਾਂ ਮੁਹਾਲੀ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਝੂਠੇ ਪ੍ਰਚਾਰ ਦੇ ਝਾਂਸੇ ਵਿਚ ਨਾ ਆਉਣ।ਇਸ ਮੌਕੇ ਸਮੂਹ ਕਾਂਗਰਸੀ ਕੌਂਸਲਰਾਂ ਸਮੇਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ਵ ਜੈਨ, ਮੋਹਾਲੀ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਗੁਰਚਰਨ ਸਿੰਘ ਭੰਮਰਾ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਆਨੰਦ ਟਿੰਕੂ ਮੀਤ ਪ੍ਰਧਾਨ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਸੀਨੀਅਰ ਕਾਂਗਰਸੀ ਆਗੂ, ਗਗਨ ਧਾਲੀਵਾਲ, ਇੰਦਰਜੀਤ ਢਿੱਲੋਂ, ਅਸ਼ੋਕ ਕੌਂਡਲ, ਕੁਲਵਿੰਦਰ ਬਾਛਲ, ਲਖਮੀਰ ਸਿੰਘ, ਕੁਲਵਿੰਦਰ ਸੰਜੂ, ਗੁਰਸਾਹਿਬ ਸਿੰਘ, ਬਲਬੀਰ ਸਿੰਘ ਟਰਾਂਸਪੋਰਟਰ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *