ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ 12 ਤੋਂ 14 ਸਾਲ ਤਕ ਦੇ ਬੱਚਿਆਂ ਲਈ ਕੋਵਿਡ ਰੋਕੂ ਟੀਕਾਕਰਨ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜ਼ਿਲ੍ਹੇ ਵਿਚ 15 ਤੋਂ 18 ਸਾਲ ਤਕ ਦੇ ਬੱਚਿਆਂ ਲਈ ਟੀਕਾਕਰਨ ਪਹਿਲਾਂ ਹੀ ਜਾਰੀ ਹੈ ਤੇ ਹੁਣ 12 ਤੋਂ 14 ਸਾਲ ਤਕ ਦੇ ਬੱਚਿਆਂ ਦਾ ਵੀ ਟੀਕਾਕਰਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਇਸ ਉਮਰ ਸਮੂਹ ਦੇ 43,080 ਬੱਚਿਆਂ ਨੂੰ ਕੋਵਿਡ-ਰੋਕੂ ਟੀਕਾ ਲਗਾਏ ਜਾਣ ਦਾ ਟੀਚਾ ਹੈ। ਉਨ੍ਹਾਂ ਦਸਿਆ ਕਿ ਇਸ ਉਮਰ ਸਮੂਹ ਨੂੰ ਕੋਰਬੇਵੈਕਸ ਦਵਾਈ ਦੀ ਖ਼ੁਰਾਕ ਦਿਤੀ ਜਾ ਰਹੀ ਹੈ ਅਤੇ ਇਸ ਉਮਰ ਸਮੂਹ ਲਈ ਵੱਖਰੇ ਟੀਕਾਕਰਨ ਕੇਂਦਰ ਬਣਾਏ ਗਏ ਹਨ ਤਾਕਿ ਟੀਕਾਕਰਨ ਦਾ ਅਮਲ ਬਾਕੀਆਂ ਨਾਲ ਰਲਗੱਡ ਨਾ ਹੋਵੇ।
ਸਿਵਲ ਸਰਜਨ ਨੇ ਦਸਿਆ ਕਿ 11 ਸਾਲ ਦੀ ਉਮਰ ਪੂਰੀ ਕਰ ਚੁੱਕਾ ਅਤੇ 14 ਸਾਲ ਤਕ ਦੀ ਉਮਰ ਵਾਲਾ ਕੋਈ ਵੀ ਬੱਚਾ ਟੀਕਾਕਰਨ ਕੇਂਦਰ ਵਿਚ ਜਾ ਕੇ ਟੀਕਾ ਲਗਵਾ ਸਕਦਾ ਹੈ। ਉਸ ਕੋਲ ਅਪਣੀ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਕੋਈ ਹੋਰ ਪੱਕਾ ਦਸਤਾਵੇਜ਼ ਹੋਣਾ ਜ਼ਰੂਰੀ ਹੈ। ਜੇ ਕਿਸੇ ਦੀ ਉਮਰ 14 ਸਾਲ ਤੋਂ ਵੱਧ ਹੈ ਤਾਂ ਉਹ ਆਮ ਵਾਂਗ ਅਪਣਾ ਟੀਕਾਕਰਨ ਕਰਵਾ ਸਕਦਾ ਹੈ ਕਿਉਂਕਿ 14 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਲਈ ਟੀਕਾਕਰਨ ਦਾ ਅਮਲ ਪਹਿਲਾਂ ਹੀ ਜਾਰੀ ਹੈ।
ਡਾ.ਆਦਰਸ਼ਪਾਲ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਲੇ ਤਕ ਪਹਿਲਾ ਜਾਂ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਅਪਣਾ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਟੀਕਾਕਰਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇ ਟੀਕਾਕਰਨ ਮਗਰੋਂ ਵੀ ਕਿਸੇ ਕਾਰਨ ਕੋਵਿਡ ਦੀ ਲਾਗ ਲੱਗ ਜਾਂਦੀ ਹੈ ਤਾਂ ਟੀਕਾਕਰਨ ਕਰਵਾ ਚੁੱਕੇ ਵਿਅਕਤੀ ਨੂੰ ਹਸਪਤਾਲ ’ਚ ਦਾਖ਼ਲ ਹੋਣ ਜਾਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਵੀ ਮੌਜੂਦ ਸਨ।

Leave a Reply

Your email address will not be published. Required fields are marked *