ਮੁਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੋਹਾਲੀ ਨਗਰ ਨਿਗਮ ਦਾ ਸਾਲ 2022-23 ਦਾ 160 ਕਰੋੜ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਦੀ ਬਜਟ ਮੀਟਿੰਗ ਤੋਂ ਬਾਅਦ ਹੋਈ ਇਕ ਹੋਰ ਸਾਧਾਰਨ ਮੀਟਿੰਗ ਵਿੱਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਬਹੁਤੇ ਮਤੇ ਕਰਮਚਾਰੀਆਂ ਨਾਲ ਸਬੰਧਤ ਸਨ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕਮਿਸ਼ਨਰ ਕਮਲ ਗਰਗ ਹਾਜ਼ਰ ਸਨ।ਬਜਟ ਮੀਟਿੰਗ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਲਗਪਗ 120 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ਅਤੇ ਆਮਦਨ ਵਜੋਂ 109 ਕਰੋੜ ਰੁਪਏ ਪ੍ਰਾਪਤ ਕੀਤੇ ਜਾ ਚੁੱਕੇ ਹਨ ਜਦੋਂ ਕਿ ਬਾਕੀ ਰਕਮ ਪ੍ਰਾਪਤ ਕਰਨ ਵਾਸਤੇ ਵਿੱਤੀ ਸਾਲ ਦੇ ਅੰਤ ਤਕ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚੋਂ ਅਮਲੇ ਦਾ ਖ਼ਰਚਾ ਵਿਕਾਸ ਦਾ ਖਰਚਾ ਅਤੇ ਕੰਟੀਜੈਂਸੀ ਦਾ ਖਰਚਾ ਕਰਨ ਵਾਸਤੇ ਉਪਰੋਕਤ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ।ਮੀਟਿੰਗ ਪੂਰੇ ਖੁਸ਼ਨੁਮਾ ਮਾਹੌਲ ਵਿੱਚ ਹੋਈ ਅਤੇ ਮੀਟਿੰਗ ਦੀ ਆਰੰਭਤਾ ਵੇਲੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਨਵੀਂ ਬਣੀ ਸਰਕਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਸਹਿਯੋਗ ਲੈ ਕੇ ਮੁਹਾਲੀ ਦਾ ਵਿਕਾਸ ਪਹਿਲਾਂ ਵਾਂਗ ਲਗਾਤਾਰ ਜਾਰੀ ਰੱਖੇਗੀ ਅਤੇ ਸਥਾਨਕ ਸਰਕਾਰ ਵਿਭਾਗ ਦੇ ਨਵੇਂ ਬਣਨ ਵਾਲੇ ਮੰਤਰੀ ਨਾਲ ਉਹ ਖੁਦ ਅਤੇ ਉਨ੍ਹਾਂ ਦੀ ਟੀਮ ਮੁਲਾਕਾਤ ਕਰਕੇ ਮੁਹਾਲੀ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕਰੇਗੀ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਹ ਵੀ ਕਿਹਾ ਕਿ ਵੱਖ ਵੱਖ ਕੌਂਸਲਰਾਂ ਵੱਲੋਂ ਕੀਤੀ ਜਾਂਦੀ ਇਸ ਸ਼ਿਕਾਇਤ ਕਿ ਉਨ੍ਹਾਂ ਦੇ ਕੰਮ ਨਹੀਂ ਹੁੰਦੇ ਸਬੰਧੀ ਨਗਰ ਨਿਗਮ ਵੱਲੋਂ ਬਕਾਇਦਾ ਤੌਰ ਤੇ ਸਮੁੱਚੇ ਕੌਂਸਲਰਾਂ ਨੂੰ ਇੱਕ ਪੱਤਰ ਕੱਢ ਕੇ ਉਨ੍ਹਾਂ ਦੇ ਕੰਮਾਂ ਸਬੰਧੀ ਜਾਣਕਾਰੀ ਮੰਗੀ ਗਈ ਹੈ। ਪੱਤਰ ਵਿੱਚ ਪੁੱਛਿਆ ਗਿਆ ਕਿ ਇਨ੍ਹਾਂ ਕੌਂਸਲਰਾਂ ਦੇ ਕੋਈ ਕੰਮ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਕਰਵਾਉਣ ਪ੍ਰਤੀ ਨਿਗਮ ਦੀ ਪ੍ਰਤੀਬੱਧਤਾ ਦੁਹਰਾਈ ਗਈ ਅਤੇ ਨਾਲ ਹੀ ਕੌਂਸਲਰ ਆਪਣੇ ਆਪਣੇ ਵਾਰਡਾਂ ਵਿੱਚ ਨਵੇਂ ਕੰਮਾਂ ਦੀ ਲਿਸਟ ਦੇਣ ਬਾਰੇ ਵੀ ਕਿਹਾ ਗਿਆ। ਇਸ ਸਬੰਧੀ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਮੁੱਖ ਮਤਿਆਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸਵੇਰ ਦੀ ਜਲ ਸਪਲਾਈ ਦੇ ਸਮੇਂ ਤੇ ਵਿਹੜੇ ਧੋਣ ਬੂਟਿਆਂ ਨੂੰ ਪਾਣੀ ਦੇਣ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਅਧੀਨ ਸਵੇਰੇ ਪੰਜ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਉਪਰੋਕਤ ਕੰਮਾਂ ਉੱਤੇ ਪਾਣੀ ਦੀ ਵਰਤੋਂ ਤੇ ਪਾਬੰਦੀ ਹੋਵੇਗੀ। ਇਹ ਫੈਸਲਾ ਮੋਹਾਲੀ ਦੇ ਵਸਨੀਕਾਂ ਨੂੰ ਪਾਣੀ ਦੀ ਸੁਚਾਰੂ ਸਪਲਾਈ ਦੇਣ ਤਹਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਕ ਹੋਰ ਪ੍ਰਮੁੱਖ ਮਤੇ ਰਾਹੀਂ ਮੁਹਾਲੀ ਦੇ ਸਨਅਤੀ ਖੇਤਰ ਫੇਜ਼ 8ਬੀ ਵਿੱਚ ਬੂਸਟਰ ਟੈਂਕ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਜਿਸ ਉੱਤੇ ਲਗਪਗ ਢਾਈ ਕਰੋੜ ਰੁਪਏ ਦਾ ਖਰਚਾ ਆਵੇਗਾ।ਇਸ ਤੋਂ ਇਲਾਵਾ ਨਗਰ ਨਿਗਮ ਵਿੱਚ ਕੰਮਕਾਰ ਲਈ ਕਰਮਚਾਰੀਆਂ ਦੀ ਆਊਟਸੋਰਸਿੰਗ ਅਤੇ ਨਿਗਮ ਦੇ ਸਟਾਫ ਵਾਸਤੇ ਗੱਡੀਆਂ ਕਿਰਾਏ ਤੇ ਲੈਣ ਸਬੰਧੀ ਮਤੇ ਵੀ ਪਾਸ ਕੀਤੇ ਗਏ।

Leave a Reply

Your email address will not be published. Required fields are marked *