
ਮੋਹਾਲੀ 27 ਮਾਰਚ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਗੁਰੂਦੁਆਰਾ ਸਿੰਘ ਸਭਾ ਸੈਕਟਰ-71 ਮੋਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ । ਉਪਰੰਤ ਕੀਰਤਨ ਰਾਹੀਂ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਸੰਗਤਾਂ ਨਾਲ ਰੂਬਰੂ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਜਿੱਤ ਹਲਕੇ ਦੇ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕਾਂ ਨੇ ਆਪ ਮੁਹਾਰੇ ਅਗਾਂਹ ਹੋ ਕੇ ਚੋਣ ਮੁਹਿੰਮ ਨੂੰ ਖ਼ੁਦ ਸੰਭਾਲੀ ਰੱਖਿਆ । ਕੁਲਵੰਤ ਸਿੰਘ ਨੇ ਕਿਹਾ ਕਿ ਬਤੌਰ ਵਿਧਾਇਕ ਜਿਹਡ਼ੀ ਜ਼ਿੰਮੇਵਾਰੀ ਹਲਕੇ ਦੇ ਲੋਕਾਂ ਦੁਆਰਾ ਸੌਂਪੀ ਗਈ ਹੈ । ਉਹ ਹਰ ਹੀਲੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਹਰ ਵੇਲੇ ਲੋਕਾਂ ਦੇ ਵਿੱਚ ਹਾਜ਼ਰ ਰਹਿ ਕੇ ਨਿਭਾਉਣਗੇ । ਲੋਕਾਂ ਦੀਆਂ ਰੋਜ਼-ਮੱਰਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਦਾ ਸਮਾਂ ਰਹਿੰਦਿਆਂ ਹੱਲ ਹੋਵੇ, ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ । ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੱਲ੍ਹ ਹੀ ਮੋਹਾਲੀ ਦੇ ਸਬੰਧਿਤ ਸਭਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਕਾਰਜ ਪ੍ਰਣਾਲੀ ਸਬੰਧੀ ਜਾਣਕਾਰੀ ਇਕੱਤਰ ਕੀਤੀ ਹੈ ਅਤੇ ਵਿਭਾਗਾਂ ਦੇ ਅਧਿਕਾਰੀ ਨੂੰ ਕਿਹਾ ਗਿਆ ਹੈ ਕਿ ਉਹ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਦੇ ਕੰਮਾਂ ਨੂੰ ਕਰਨ ਦੇ ਲਈ ਸੰਜੀਦਗੀ ਨਾਲ ਯਤਨ ਕੀਤੇ ਜਾਣ।ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਭਰ ਦੇ ਲੋਕਾਂ ਦਾ ਧੰਨਵਾਦ ਕਰਨ ਸਬੰਧੀ ਦੌਰਾ ਕੀਤਾ ਜਾ ਰਿਹਾ ਹੈ ਅਤੇ ਵੱਖ- ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਕੁਲਵੰਤ ਸਿੰਘ ਦਾ ਸਨਮਾਨ ਕੀਤਾ ਜਾ ਰਿਹਾ ਹੈ । ਇਸ ਮੌਕੇ ਸਟੇਟ ਐਵਾਰਡੀ ਅਤੇ ਸਾਬਕਾ ਕੌਂਸਲਰ -ਫੂਲਰਾਜ ਸਿੰਘ, ਆਰ . ਪੀ. ਸ਼ਰਮਾਂ,ਅਕਬਿੰਦਰ ਸਿੰਘ ਗੋਸਲ, ਤਰਲੋਚਨ ਮਟੋਰ, ਕੁਲਦੀਪ ਸਿੰਘ ਧੁੱਮੀ, ਸਰਬਜੀਤ ਸਿੰਘ ਸਮਾਣਾ ਕੌਂਸਲਰ , ਸੀਤਲ ਸਿੰਘ,,ਫੌਜਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ।