
ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਮੁਹਾਲੀ ਪੁਲਿਸ ਵੱਲੋਂ ਸ਼ਹਿਰ ਦੇ ਕਰੜੇ ਸੁਰੱਖਿਆ ਦੇ ਦਾਅਵੇ ਉਸ ਵੇਲੇ ਸਾਹ ਤੋੜਦੇ ਹੋਏ ਹੁੰਦੇ ਹੋਏ ਨਜ਼ਰ ਆਏ,ਜਦੋਂ ਚੋਰਾਂ ਵੱਲੋਂ ਡੀਸੀ ਮੋਹਾਲੀ ਸ੍ਰੀਮਤੀ ਈਸ਼ਾ ਕਾਲੀਆ ਦੇ ਮੋਹਾਲੀ ਸਥਿਤ ਘਰੋਂ ਜਨਰੇਟਰ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ। ਹਾਲਾਂਕਿ ਡੀਸੀ ਮੋਹਾਲੀ ਸ਼੍ਰੀਮਤੀ ਈਸ਼ਾ ਕਾਲੀਆ ਦੀ ਸੁਰੱਖਿਆ ਪ੍ਰਬੰਧਾਂ ਵਿਚ ਭਾਰੀ ਪੁਲੀਸ ਸੁਰੱਖਿਆ ਬਲ 24 ਘੰਟੇ ਤਾਇਨਾਤ ਰਹਿੰਦਾ ਹੈ। ਅਜਿਹੇ ਵਿਚ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੇ ਮੋਹਾਲੀ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦੋਂ ਇਸ ਸਬੰਧੀ ਸੰਬੰਧਤ ਥਾਣੇ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਹਾਲਾਂ ਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਥਾਣਾ ਫੇਜ਼-1 ਵਿੱਚ ਅਣਪਛਾਤੇ ਚੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 380 ਅਤੇ 454 ਤਹਿਤ ਮੁਕੱਦਮਾ ਨੰਬਰ 55 ਦਰਦ ਕਰ ਲਿਆ ਗਿਆ ਹੈ। ਇਹ ਗੱਲ ਉਸ ਵਕਤ ਸ਼ਹਿਰ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਜਦੋਂ ਸੋਸ਼ਲ ਮੀਡੀਆ ਗਰੁੱਪਾਂ ਵਿਚ ਐਫ ਆਈ ਆਰ ਦੀ ਕਾਪੀ ਘੁੰਮਣਾ ਸ਼ੁਰੂ ਹੋਈ।