
ਮੁਹਾਲੀ(ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ:-ਅਕਾਲੀ ਦਲ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਣ ਸੋਹਾਣਾ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਭਾਰਤ ਮਾਲਾ ਰੋਡ ਪ੍ਰਾਜੈਕਟ ਅਧੀਨ ਬਣਾਏ ਜਾ ਰਹੇ ਗਰੀਨ ਫੀਲਡ ਵੇਅ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਜਮੀਨਾਂ ਲਈ ਮਾਰਕੀਟ ਕੀਮਤ ਨਾਲੋਂ ਨਿਰਧਾਰਿਤ ਕੀਤੇ ਗਏ ਘੱਟ ਮੁਆਵਜੇ ਦਾ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਜਿਲ੍ਹੇ ਦੀਆਂ ਤਿੰਨੋਂ ਸਬ ਡਿਵੀਜਨਾਂ ਮੁਹਾਲੀ, ਡੇਰਾਬਸੀ ਅਤੇ ਖਰੜ ਦੇ ਦਰਜਨਾਂ ਪਿੰਡਾਂ ਦੀ ਜਮੀਨ ਇਸ ਪ੍ਰਾਜੈਕਟ ਅਧੀਨ ਹਾਸਿਲ ਕੀਤੀ ਜਾ ਰਹੀ ਹੈ।
ਸ੍ਰੀ ਸੋਹਾਣਾ ਨੇ ਆਖਿਆ ਕਿ ਮੁਹਾਲੀ ਜਿਲ੍ਹੇ ਦੀਆਂ ਜਮੀਨਾਂ ਟਰਾਈਸਿਟੀ ਦੇ ਨੇੜੇ ਪੈਂਦੀਆਂ ਹਨ ਤੇ ਹਰ ਸਾਲ ਇਨ੍ਹਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਵੱਲੋਂ ਪੱਖਪਾਤੀ ਢੰਗ ਨਾਲ ਮੁਆਵਜਾ ਨਿਰਧਾਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋਂ ਇੱਕ ਵੱਟ ਦੇ ਫਰਕ ਦੇ ਬਾਵਜੂਦ ਕਿਸੇ ਪਿੰਡ ਦੀ ਜਮੀਨ ਨਾਲੋਂ ਦੂਜੇ ਪਿੰਡ ਦੀ ਜਮੀਨ ਦੀ ਕੀਮਤ ਚਾਰ ਗੁਣਾ ਘੱਟ ਦਿੱਤੀ ਜਾ ਰਹੀ ਹੈ।
ਅਕਾਲੀ ਆਗੂ ਨੇ ਆਖਿਆ ਕਿ ਸੜਕ ਜਮੀਨ ਨਾਲੋੰ ਗਿਆਰਾਂ ਫੁੱਟ ਉੱਚੀ ਬਣਾਈ ਜਾਣੀ ਹੈ ਪਰ ਕਿਸਾਨਾਂ ਦੀ ਬਾਕੀ ਰਹਿੰਦੀਆਂ ਜਮੀਨਾਂ ਲਈ ਕੋਈ ਸਲਿੱਪ ਰੋਡ ਵੀ ਨਹੀਂ ਬਣਾਈ ਜਾ ਰਹੀ। ਉਨ੍ਹਾਂ ਕਿਹਾ ਸੜਕ ਨਾਲ ਕਿਸਾਨਾਂ ਦੀਆਂ ਜਮੀਨਾਂ ਵਿਚਲੀਆਂ ਪਾਈਪ ਲਾਈਨਾਂ, ਟਿਊਬਵੈੱਲ, ਕਮਰੇ ਆਦਿ ਪ੍ਰਭਾਵਿਤ ਹੋ ਰਹੇ ਹਨ। ਬਰਸਾਤੀ ਪਾਣੀ ਅਤੇ ਸਿੰਜਾਈ ਵਾਲੇ ਪਾਣੀ ਦੇ ਨਿਕਾਸ ਲਈ ਅਤੇ ਨਵੀਂ ਬਣਨ ਵਾਲੀ ਸੜਕ ਲਈ ਪਿੰਡਾਂ ਨੂੰ ਰਸਤੇ ਦੇਣ ਸਬੰਧੀ ਵੀ ਲੋਕਾਂ ਨੂੰ ਕੁੱਝ ਨਹੀਂ ਦੱਸਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਐਨਐਚਏਆਈ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਲੁੱਟ ਬਰਦਾਸ਼ਿਤ ਨਹੀਂ ਕਰੇਗਾ ਅਤੇ ਕਿਸਾਨਾਂ ਦੀ ਜਮੀਨ ਕਿਸੀ ਵੀ ਕੀਮਤ ਉੱਤੇ ਮਾਰਕੀਟ ਕੀਮਤ ਨਾਲੋੰ ਵੀ ਘੱਟ ਮੁਆਵਜੇ ਉੱਤੇ ਨਹੀਂ ਖੋਹਣ ਦੇਵੇਗਾ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਮੀਨਾਂ ਦੀ ਪੂਰੀ ਕੀਮਤ ਲਈ ਨਵੇਂ ਸਿਰਿਉਂ ਐਵਾਰਡ ਸੁਣਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਧੱਕੇ ਨਾਲ ਕਿਸਾਨਾਂ ਨੂੰ ਘੱਟ ਕੀਮਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਦਲ ਕਿਸਾਨਾਂ ਨਾਲ ਡਟਕੇ ਖੜੇਗਾ ਤੇ ਕਿਸੇ ਵੀ ਸੰਘਰਸ਼ ਤੋਂ ਗੁਰੇਜ ਨਹੀਂ ਕਰੇਗਾ।