ਮੁਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਵੱਲੋਂ ਦਿੱਤਾ ਗਿਆ ਸਫਾਈ ਦਾ ਮਕੈਨੀਕਲ ਸਵੀਪਿੰਗ ਦਾ ਠੇਕਾ ਖਤਮ ਹੋਣ ਉਪਰੰਤ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਫ਼ੈਸਲਾ ਲੈ ਕੇ ਕਿਰਾਏ ਤੇ ਗੱਡੀਆਂ ਲੈ ਕੇ ਦੋ ਦਿਨ ਪਹਿਲਾਂ ਤੋਂ ਮਕੈਨੀਕਲ ਸਵੀਪਿੰਗ ਆਰੰਭ ਕਰਵਾਈ ਗਈ ਹੈ। ਅੱਜ ਸੈਕਟਰ 68-69 ਦੀ ਮੁੱਖ ਸੜਕ ਉੱਤੇ ਕੀਤੀ ਗਈ ਮਕੈਨੀਕਲ ਸਵੀਪਿੰਗ ਦਾ ਜਾਇਜ਼ਾ ਖੁਦ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਵਿਕਟਰ ਨਿਹੋਲਕਾ ਉਨ੍ਹਾਂ ਦੇ ਨਾਲ ਸਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਵੱਡੀ ਗਿਣਤੀ ਸਫਾਈ ਕਰਮਚਾਰੀ ਪਿਛਲੇ ਦਿਨੀਂ ਭਰਤੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਫ਼ਾਈ ਕਰਮਚਾਰੀਆਂ ਵੱਲੋਂ ਤਾਂ ਨਗਰ ਨਿਗਮ ਵੱਲੋਂ ਕੰਮ ਲਿਆ ਹੀ ਜਾ ਰਿਹਾ ਹੈ ਪਰ ਮਕੈਨੀਕਲ ਸਵੀਪਿੰਗ ਦਾ ਠੇਕਾ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮਕੈਨੀਕਲ ਸਵੀਪਿੰਗ ਵਾਲੇ ਠੇਕੇ ਨੂੰ ਵਧਾਇਆ ਗਿਆ ਸੀ ਪਰ ਇਸ ਵਾਰ ਹੁਣ ਨਗਰ ਨਿਗਮ ਵੱਲੋਂ ਜਦੋਂ ਤੱਕ ਠੇਕਾ ਨਹੀਂ ਹੁੰਦਾ ਉਦੋਂ ਤੱਕ ਕਿਰਾਏ ਤੇ ਗੱਡੀਆਂ ਲੈ ਕੇ ਮਕੈਨੀਕਲ ਸਵੀਪਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਇਸ ਦੇ ਅਧੀਨ ਸ਼ੁਰੂ ਕੀਤੇ ਤੇ ਕੰਮ ਵੀ ਅੱਜ ਉਨ੍ਹਾਂ ਵੱਲੋਂ ਨਜ਼ਰਸਾਨੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੱਤਝੜ ਕਾਰਨ ਪੂਰੇ ਮੁਹਾਲੀ ਦੀਆਂ ਸੜਕਾਂ ਦਰੱਖਤਾਂ ਤੋਂ ਟੁੱਟ ਕੇ ਗਿਰੇ ਪੱਤਿਆਂ ਨਾਲ ਭਰੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਸ ਦੇ ਵਾਸਤੇ ਮੁੱਖ ਸੜਕਾਂ ਉੱਤੇ ਮਕੈਨੀਕਲ ਸਵੀਪਿੰਗ ਰਾਹੀਂ ਸਫਾਈ ਕੀਤੀ ਜਾ ਰਹੀ ਹੈ ਜਦੋਂ ਕਿ ਅੰਦਰੂਨੀ ਸੜਕਾਂ ਉੱਤੇ ਸਫ਼ਾਈ ਕਰਮਚਾਰੀ ਲਗਾ ਕੇ ਟਰਾਲੀਆਂ ਰਾਹੀਂ ਪੱਤੇ ਚੁਕਵਾਏ ਜਾ ਰਹੇ ਹਨ ਅਤੇ ਮੁੱਖ ਸੜਕਾਂ ਉੱਤੇ ਵੀ ਜਿੱਥੇ ਵੱਡੀ ਗਿਣਤੀ ਵਿੱਚ ਪੱਤੇ ਗਿਰੇ ਹਨ ਉੱਥੇ ਵੀ ਪਹਿਲਾਂ ਟਰਾਲੀਆਂ ਰਾਹੀਂ ਪੱਤੇ ਚੁਕਵਾਏ ਗਏ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਗੰਦਗੀ ਨਾ ਫੈਲੇ ਇਸ ਕਰਕੇ ਮੁੱਖ ਸੜਕਾਂ ਉੱਤੇ ਮਕੈਨੀਕਲ ਸਵੀਪਿੰਗ ਕਿਰਾਏ ਤੇ ਗੱਡੀਆਂ ਲੈ ਕੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਇਹ ਕੰਮ ਹੁਣ ਤਸੱਲੀਬਖਸ਼ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਰੋਜ਼ਾਨਾ ਪ੍ਰਤੀ ਗੱਡੀ ਪ੍ਰਤੀ ਕਿਲੋਮੀਟਰ ਅਦਾ ਕੀਤੇ ਜਾਂਦੇ ਪੈਸੇ ਨਾਲੋਂ ਕਿਰਾਏ ਤੇ ਗੱਡੀਆਂ ਲੈ ਕੇ ਬਹੁਤ ਘੱਟ ਕੀਮਤ ਵਿੱਚ ਇਹ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਸਫ਼ਾਈ ਅਮਲਾ ਪੂਰੀ ਤਨਦੇਹੀ ਨਾਲ ਸ਼ਹਿਰ ਵਿਚ ਸਫਾਈ ਦਾ ਕੰਮ ਕਰ ਰਿਹਾ ਹੈ।