ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ 11 ਕਰੋੜ ਰੁਪਏ ਤੋਂ ਵੱਧ ਦੇ ਵਰਕ ਆਰਡਰ ਦਿੱਤੇ ਗਏ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਐੱਸ ਈ ਹਰਕੀਰਤ ਸਿੰਘ, ਮੈਂਬਰ ਜਸਬੀਰ ਸਿੰਘ ਮਣਕੂ ਤੇ ਹੋਰ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿਚ ਜੋ ਵਰਕ ਆਰਡਰ ਦਿੱਤੇ ਗਏ ਹਨ ਉਨ੍ਹਾਂ ਵਿੱਚ ਮੁੱਖ ਤੌਰ ਤੇ ਰੋਡ ਗਲੀਆਂ ਦੀ ਸਫਾਈ ਦੇ ਕੰਮ, ਪਾਰਕਾਂ ਦੀ ਕੰਮ ਅਤੇ ਮੁਹਾਲੀ ਨਗਰ ਨਿਗਮ ਵਲੋਂ ਆਪਣੇ ਪੱਧਰ ਤੇ ਸ਼ੁਰੂ ਕੀਤੀ ਗਈ ਮੈਨੂਅਲ ਸਵੀਪਿੰਗ ਲਈ ਸਫ਼ਾਈ ਕਾਮਿਆਂ ਨੂੰ ਦੇਣ ਲਈ ਰੇਹਡ਼ੀਆਂ ਅਤੇ ਹੋਰ ਸਾਜ਼ੋ ਸਾਮਾਨ ਖ਼ਰੀਦਣ ਦੇ ਵਰਕ ਆਰਡਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁਹਾਲੀ ਵਿਚ ਵੱਖ ਵੱਖ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਤੋਂ ਵੱਧ ਦੇ ਨਵੇਂ ਮਤੇ ਵੀ ਪਾਸ ਕੀਤੇ ਗਏ ਹਨ ਤੇ ਇਨ੍ਹਾਂ ਦੇ ਵਰਕ ਆਰਡਰ ਵੀ ਅਗਲੀ ਮੀਟਿੰਗ ਵਿੱਚ ਦੇ ਦਿੱਤੇ ਜਾਣਗੇ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੀਆਂ ਫੌਗਿੰਗ ਮਸ਼ੀਨਾਂ ਦੀ ਮੇਨਟੀਨੈਂਸ ਦਾ ਕੰਮ ਦਾ ਮਤਾ ਵੀ ਪਾਸ ਕੀਤਾ ਗਿਆ ਹੈ ਅਤੇ ਅਗਲੇ ਹਫ਼ਤੇ ਤੋਂ ਮੁਹਾਲੀ ਵਿੱਚ ਮੱਛਰ ਮਾਰ ਦਵਾਈ ਦੀ ਫੌਗਿੰਗ ਆਰੰਭ ਕਰਵਾ ਦਿੱਤੀ ਜਾਵੇਗੀ ਕਿਉਂਕਿ ਮੋਹਾਲੀ ਵਿਚ ਮੱਛਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇਸ ਕਾਰਨ ਕੋਈ ਬੀਮਾਰੀ ਨਾ ਫੈਲੇ ਇਹ ਯਕੀਨੀ ਬਣਾਉਣ ਲਈ ਫੌਗਿੰਗ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਹਾਲੀ ਵਿੱਚ ਦੋ ਨਵੀਆਂ ਟਰੈਫਿਕ ਲਾਈਟਾਂ ਲਗਾਉਣ ਅਤੇ ਸੋਹਾਣਾ ਦੀ ਧਰਮਸ਼ਾਲਾ ਦਾ ਕੰਮ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ ਹੈ। ਇਹ ਦੋ ਨਵੀਂਆਂ ਟਰੈਫਿਕ ਲਾਈਟਾਂ ਲਾਅ ਕਾਲਜ ਦੇ ਨੇਡ਼ੇ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਨੇੜੇ ਲਗਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀ ਟੀਮ ਮੋਹਾਲੀ ਦੇ ਚਹੁੰ ਪੱਖੀ ਵਿਕਾਸ ਲਈ ਸਦਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਸਮੂਹ ਵਾਰਡਾਂ ਦੇ ਕੌਂਸਲਰਾਂ ਅਤੇ ਉੱਥੋਂ ਦੇ ਵਸਨੀਕਾਂ ਦੇ ਸਲਾਹ ਮਸ਼ਵਰੇ ਅਨੁਸਾਰ ਹੀ ਨਿਗਮ ਦੀਆਂ ਮੀਟਿੰਗਾਂ ਵਿੱਚ ਤਜਵੀਜ਼ਾਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਾਸ ਕੀਤਾ ਜਾਂਦਾ ਹੈ ਤਾਂ ਜੋ ਹਰੇਕ ਵਾਰਡ ਵਿਚ ਸੁਨਿਯੋਜਿਤ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਅਤੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ।