ਮੁਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਵਲੋਂ ਮੋਹਾਲੀ ਦੇ ਫੇਜ਼ 8 ਸਨਅਤੀ ਖੇਤਰ ਦੇ ਨਾਲ ਲਗਦੇ ਡੰਪਿੰਗ ਗਰਾਉਂਡ ਵਿਖੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ  ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਚੱਲ ਰਹੇ ਕੰਮ ਦੀ ਨਜ਼ਰਸਾਨੀ ਕਰਨ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਐਕਸੀਅਨ ਹਰਪ੍ਰੀਤ ਸਿੰਘ ਮੌਕੇ ਤੇ ਪੁੱਜੇ  ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਠੇਕੇਦਾਰ ਕੰਪਨੀ ਵੱਲੋਂ ਪਿਛਲੇ 5-6 ਮਹੀਨੇ ਤੋਂ ਇੱਥੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ  ਇਸ ਥਾਂ ਉੱਤੇ  ਪਏ ਲਗਪਗ 300 ਲੱਖ ਟਨ ਕੂੜੇ ਵਿਚੋਂ 50 ਹਜ਼ਾਰ ਟਨ ਕੂੜੇ ਨੂੰ ਪ੍ਰੋਸੈੱਸ ਕੀਤਾ ਜਾ ਚੁੱਕਿਆ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਰੋਜ਼ਾਨਾ 80 ਟਨ ਕੂੜਾ ਪੈਦਾ ਹੁੰਦਾ ਹੈ ਜਿਸ ਵਿਚੋਂ 50 ਟਨ ਕੂੜਾ ਇਸ ਸਾਈਟ ਉੱਤੇ ਪਹੁੰਚਦਾ ਹੈ ਜਦੋਂ ਕਿ ਬਾਕੀ ਗਿੱਲਾ ਕੂੜਾ  ਮੁਹਾਲੀ ਨਗਰ ਨਿਗਮ ਦੀਆਂ ਬਣੀਆਂ 16 ਸਾਈਟਾਂ ਉੱਤੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਇਸਨੂੰ ਖਾਦ ਵਿੱਚ ਬਦਲਿਆ ਜਾ ਰਿਹਾ ਹੈ।ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਥੇ ਰੋਜ਼ਾਨਾ 600 ਟਨ ਦੇ ਗ਼ਰੀਬ ਕੂੜੇ ਨੂੰ ਰੋਜ਼ ਪ੍ਰੋਸੈੱਸ ਕੀਤਾ ਜਾ ਰਿਹਾ ਹੈ ਅਤੇ ਜੇਕਰ ਬਰਸਾਤਾਂ ਦਾ ਮੌਸਮ ਪਿਛਲੇ ਸਾਲ ਲੰਬਾ ਨਾ ਖਿੱਚਦਾ ਤਾਂ ਇਹ ਕੰਮ ਕਾਫ਼ੀ ਹੱਦ ਤਕ  ਮੁਕੰਮਲ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਕੂੜੇ ਦੀ ਪ੍ਰੋਸੈਸਿੰਗ ਦੇ ਮਾਮਲੇ ਵਿੱਚ ਬਹੁਤ ਵਿਘਨ ਪਾਉਂਦਾ ਹੈ ਅਤੇ ਕੰਮ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜੇ ਇਸ ਵਾਰ ਬਰਸਾਤਾਂ ਨੌਰਮਲ ਰਹੀਆਂ ਤਾਂ ਇਸ ਸਾਲ ਦੇ ਅਖੀਰ ਤੱਕ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਗਰਾਉਂਡ ਲੈਵਲ ਦੇ ਬਰਾਬਰ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਫੇਜ਼ 8ਬੀ ਦੇ ਨਾਲ ਲੱਗਦੀ ਇਸ ਡੰਪਿੰਗ ਗਰਾਊਂਡ ਵਿਚ ਸੈਗਰੀਗੇਸ਼ਨ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਕ ਪਾਸੇ ਜਿਥੇ ਇਸ ਕੂੜੇ ਵਿੱਚੋਂ ਲਿਫ਼ਾਫ਼ੇ ਕੱਢੇ ਜਾ ਰਹੇ ਹਨ  ਤੇ ਨਾਲ ਹੀ ਹੋਰ ਜਲਨਸ਼ੀਲ ਪਦਾਰਥ ਵੱਖਰਾ ਕੀਤਾ ਜਾ ਰਿਹਾ ਹੈ ਉੱਥੇ ਗਿੱਲਾ ਕੂੜਾ ਵੀ ਵੱਖਰਾ ਕੀਤਾ ਜਾ ਰਿਹਾ ਹੈ ਅਤੇ ਮਲਬਾ ਅੱਡ ਕੱਢਿਆ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਿਸ ਤੇਜ਼ੀ ਨਾਲ ਇੱਥੇ ਕੰਮ ਚੱਲ ਰਿਹਾ ਹੈ ਉਸ ਨਾਲ ਇਸ ਸਾਲ ਦੇ ਅੰਤ ਤੱਕ ਮੁਹਾਲੀ ਦੇ ਡੰਪਿੰਗ ਗਰਾਊਂਡ ਦੇ ਇਸ  ਕੂੜੇ ਦੀ ਪ੍ਰੋਸੈਸਿੰਗ ਦਾ ਇਹ ਕੰਮ ਮੁਕੰਮਲ ਹੋ ਜਾਵੇਗਾ।ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਦੀ   ਨਵੀਂ ਚੁਣੀ ਗਈ ਟੀਮ ਨੇ ਮੋਹਾਲੀ ਦੇ ਲੋਕਾਂ ਅਤੇ ਖਾਸਕਰ ਤੇ ਮੁਹਾਲੀ ਦੇ ਸਨਅਤਕਾਰਾਂ ਨਾਲ  ਡੰਪਿੰਗ ਗਰਾਊਂਡ ਵੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ  ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਇਸ ਵਾਅਦੇ ਨੂੰ ਪੂਰਾ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਡੰਪਿੰਗ ਗਰਾਊਂਡ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *