
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਐਲਾਨਾਂ ਦੇ ਪਟਾਰੇ ਖੋਲ੍ਹੇ ਗਏ ਲੇਕਿਨ ਜਮੀਨੀ ਹਕਿਕਤ ਤੋਂ ਇਹ ਐਲਾਨ ਕੋਹਾਂ ਦੂਰ ਨਜ਼ਰ ਆਉਂਦੇ ਹਨ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕਾਨੂੰਨ ਵਿਵਸਥਾ ਨੂੰ ਤਾਕ ਤੇ ਰੱਖਦੇ ਹੋਏ ਆਪਣੀ ਝੂਠੀ ਵਾਹ-ਵਾਹੀ ਲਈ ਦੁਕਾਨਾਂ,ਸ਼ਰਾਬ ਦੇ ਠੇਕੇ, ਸਕੂਲਾਂ ਹਸਪਤਾਲਾਂ ਆਦਿ ਵਿਚ ਆਪਣੇ ਸਮਰਥਕਾਂ ਨੂੰ ਨਾਲ ਲਿਜਾ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਆਪਣੀਆਂ ਵੀਡੀਓ ਬਣਾ ਡਿਜ਼ੀਟਲ ਪਲੇਟਫਾਰਮ ਤੇ ਆਮ ਜਨਤਾ ਤੇ ਦਬਾਅ ਪਾਉਣ ਲਈ ਵਾਇਰਲ ਕੀਤੀ ਜਾਂਦੀ ਹੈ। ਲੇਕਿਨ ਇਸ ਤੇ ਇੱਕ ਪੰਜਾਬੀ ਕਹਾਵਤ ਬਿਲਕੁਲ ਸਹੀ ਬੈਠਦੀ ਹੈ ਕਿ “ਪਾਣੀ ਨੀਵੇਂ ਪਾਸੇ ਹੀ ਆਉਂਦਾ ਹੈ” ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਕੋਈ ਪੁੱਛੇ ਕਿ ਟੈਕਸ ਚੋਰੀ ਕੇਵਲ ਸ਼ਰਾਬ ਦੇ ਠੇਕਿਆਂ ਤੇ ਹੀ ਹੁੰਦਾ ਹੈ, ਪੰਜਾਬ ਦੇ ਐਲਾਨ ਜੀਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲਾਂ ਤੇ ਨਕੇਲ ਕੱਸਣ ਲਈ ਆਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਟਿਚ ਨਹੀਂ ਜਾਣਦੇ। ਇਸੀ ਹੀ ਲੜੀ ਤਹਿਤ ਪੰਜਾਬ ਦੇ ਕਈ ਨਿੱਜੀ ਯੂਨੀਵਰਿਸਟੀਆਂ,ਕਾਲਜ ਅਤੇ ਵਿਦਿਅਕ ਅਦਾਰਿਆਂ ਵੱਲੋਂ ਟੈਕਸ ਚੋਰੀ ਕਰਨ ਲਈ ਸੁਸਾਇਟੀ ਐਕਟ ਦਾ ਸਹਾਰਾ ਲਿਆ ਜਾਂਦਾ ਹੈ ਕਿਉਂਕਿ ਹਿੰਦੋਸਤਾਨ ਵਿੱਚ ਸੁਸਾਇਟੀ ਦੇ ਨਾਮ ਤੇ ਭਾਰੀ ਟੈਕਸ ਦੀ ਛੂਟ ਮਿਲਦੀ ਹੈ ਟੈਕਸ। ਜਿਸ ਦਾ ਸਿੱਧਾ ਲਾਹਾ ਨਿੱਜੀ ਅਦਾਰੇ ਚੁੱਕ ਰਹੇ ਹਨ ਅਤੇ ਅਰਬਾਂ ਰੁਪਇਆਂ ਦੀ ਟੈਕਸ ਫਰੀ ਕਮਾਈ ਕਰ ਰਹੇ ਹਨ। ਜਿਸ ਤੇ ਪੰਜਾਬ ਸਰਕਾਰ,ਈ.ਡੀ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਚੁੱਪਈ ਵੱਟੀ ਬੈਠੇ ਹਨ। ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਡੋਨੇਸ਼ਨ ਦੇ ਨਾਮ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟ ਬਦਸਤੂਰ ਜਾਰੀ ਹੈ ਜਦੋਂ ਕਿ ਨਿੱਜੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਿੱਧੇ ਤੌਰ ਤੇ ਡੋਨੇਸ਼ਨ ਦੇ ਨਾਮ ਤੇ ਹਜਾਰਾਂ ਨਹੀਂ ਬਲਕਿ ਲੱਖਾਂ ਰੁਪਏ ਮੰਗੇ ਜਾਂਦੇ ਹਨ। ਇਹਨਾਂ ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਸੁਸਾਇਟੀਆਂ ਰਜਿਸਟਰ ਕਰਵਾ ਆਪਣੇ ਪਰਿਵਾਰਕ ਮੈਬਰਾਂ ਨੂੰ ਹੀ ਇਨ੍ਹਾਂ ਦਾ ਮੈਂਬਰ ਬਣਿਆ ਹੋਇਆ ਹੈ। ਤਾਂ ਜੋ ਕੋਈ ਵੀ ਬਾਹਰੀ ਵਿਅਕਤੀ ਇਹਨਾਂ ਨੂੰ ਕੋਈ ਹਿਸਾਬ ਕਿਤਾਬ ਨਾ ਮੰਗ ਸਕੇ। ਇਹਨਾਂ ਨਿੱਜੀ ਕਾਲਜਾਂ ਅਤੇ ਯੁਨੀਵਸਟੀ ਦੇ ਮਾਲਕਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਇੱਕ ਸਮਾਜ ਸੇਵਾ ਲਈ ਕੰਮ ਕਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਮਿਲਣਗੀਆਂ ਜਦੋਂ ਬੱਚੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਅਡਮੀਸ਼ਨ ਲੈਣ ਲਈ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿਚ ਜਾ ਧੱਕੇ ਨਾ ਖਾਵੇ। ਲੇਕਿਨ ਪੰਜਾਬ ਦਾ ਸਿਆਸੀ ਅਤੇ ਆਰਥਿਕ ਮੰਦਹਾਲੀ ਕਾਰਨ ਪੰਜਾਬ ਦੇ ਯੂਥ ਨੂੰ ਵਿਦੇਸ਼ਾਂ ਵਿਚ ਗੋਰਿਆਂ ਦੀ ਗੁਲਾਮੀ ਕਰਨਾ ਇੱਕ ਮਜਬੂਰੀ ਸਾਬਤ ਹੁੰਦੀ ਜਾ ਰਿਹੀ ਹੈ।