
ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁੱਖ ਮੰਤਰੀ ਪੰਜਾਬ ਦੇ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੋਕਲ ਆਗੂਆਂ ਵੱਲੋਂ ਆਪਣੀ ਹੀ ਪਾਰਟੀ ਦੇ ਵਲੰਟੀਅਰਾਂ ਨੂੰ ਲੱਡੂ ਖੁਵਾ ਕੇ ਵਿਰੋਧੀਆਂ ਵਿੱਚ ਪਾਰਟੀ ਦੀ ਹੋਂਦ ਕਾਇਮ ਰੱਖਣ ਲਈ ਫੋਕੀ ਖੁਸ਼ੀ ਦਾ ਇਜ਼ਹਾਰ ਕੀਤਾ। ਜਿਸ ਤੇ ਇੱਕ ਕਹਾਵਤ ਬਿਲਕੁਲ ਸਹੀ ਸਾਬਤ ਹੁੰਦੀ ਹੈ ਕਿ “ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ” ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੀਆਂ ਜਨ ਸਭਾਵਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨੀਟ ਬਿਜਲੀ ਦੇ ਮੁਫ਼ਤ ਦੇਣ ਲਈ ਵਾਅਦੇ ਨਹੀਂ ਬਲਕਿ ਗਰੰਟੀ ਦਿੱਤੀ ਸੀ। ਪੰਰਤੂ ਪੰਜਾਬ ਦੇ ਲੋਕਾਂ ਨੂੰ ਉਸ ਵੇਲੇ ਅਜਿਹੇ ਲੁਭਾਵਣੇ ਸਪਨੇ ਦਿਖਾਉਂਦੇ ਹੋਏ ਇਹ ਸਪਸ਼ਟ ਨਹੀਂ ਕੀਤਾ ਗਿਆ ਸੀ ਕਿ ਇਹ ਗਰੰਟੀਆ ਕੇਵਲ ਵਿਸ਼ੇਸ਼ ਵਰਗਾਂ ਲਈ ਹੀ ਲਾਗੂ ਹੋਣਗੀਆਂ।ਅੱਜ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਇਕ ਵੀਡੀਓ ਸੰਦੇਸ਼ ਰਾਹੀਂ ਆਪਣੀ ਪਹਿਲੀ ਗਰੰਟੀ ਨੂੰ ਅਮਲੀਜਾਮਾ ਪੁਆਉਣ ਦਾ ਐਲਾਨ ਕੀਤਾ ਹੈ ਜੋ ਪੰਜਾਬ ਵਿੱਚ ਜੁਲਾਈ ਮਹੀਨੇ ਤੋਂ ਲਾਗੂ ਹੋਵੇਗੀ। ਮੁੱਖਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੀ ਜਨਤਾ ਨੂੰ ਰਾਹਤ ਦਿੰਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਐਸ ਸੀ/ਬੀ ਸੀ ਅਤੇ ਬੀ ਪੀ ਐਲ ਵਰਗ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਪ੍ਰੰਤੂ ਇਸਦੇ ਉਲਟ ਜਰਨਲ ਜਾ ਮਾਧਿਅਮ ਵਰਗ ਦੇ ਲੋਕਾਂ ਲਈ ਇਹ ਰਾਹਤ ਕੇਵਲ ਐਲਾਨ ਤੱਕ ਹੀ ਸੀਮਤ ਰਹਿੰਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਅੱਜ ਕੱਲ੍ਹ ਗਰਮੀ ਦਾ ਮੌਸਮ ਹੋਣ ਕਾਰਨ ਆਮ ਤੌਰ ਤੇ ਮੱਧ ਵਰਗ ਪਰਿਵਾਰਾਂ ਵਿਚ ਬਿਜਲੀ ਦੀ ਵਰਤੋਂ 300 ਯੂਨਿਟ ਤੋਂ ਉਪਰ ਹੁੰਦੀ ਹੈ ਅਤੇ ਐਲਾਨ ਮੁਤਾਬਿਕ ਜੇ ਕਿਸੇ ਜਰਨਲ ਵਰਗ ਦੇ ਪਰਿਵਾਰ ਦਾ ਬਿੱਲ 300 ਯੂਨਿਟਾਂ ਤੋਂ ਉਪਰ ਆਉਂਦਾ ਹੈ ਤਾਂ ਉਹਨਾਂ ਨੂੰ ਪਿਛਲੇ ਤਿੰਨ ਸੌ ਯੂਨਿਟਾਂ ਦਾ ਵੀ ਬਿਲ ਦੇਣਾ ਪਵੇਗਾ। ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਚੋਣ ਸਭਾਵਾਂ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਜੀਤ ਮੁੱਖ ਮੰਤਰੀ ਵਜੋਂ ਸੰਬੋਧਤ ਕੀਤਾ ਜਾਂਦਾ ਸੀ। ਲੇਕਿਨ ਹੁਣ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੀ ਉਸੇ ਲੀਹ ਤੇ ਚਲਦੇ ਹੋਏ ਨਜ਼ਰ ਆ ਰਹੇ ਹਨ।