ਮੁਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਿੱਚ ਆਪਸੀ ਗੁੱਟਬੰਦੀ ਅਤੇ ਲੋਕਲ ਲੀਡਰਾਂ ਦੀ ਪਾਰਟੀ ਪ੍ਰਤੀ ਨਰਾਜ਼ਗੀ ਕਾਰਨ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿੱਚ ਕਈ ਹਲਕੇ ਅਜਿਹੇ ਵੀ ਹਨ ਜਿਥੇ ਪਾਰਟੀ ਵੱਲੋਂ ਥਾਪੇ ਗਏ ਜ਼ਿਲ੍ਹਾ ਪ੍ਰਧਾਨ, ਸਿਰਫ ਨਾਮ ਦੇ ਹੀ ਜ਼ਿਲ੍ਹਾ ਪ੍ਰਧਾਨ ਕਹੇ ਜਾਂਦੇ ਸਨ ਅਤੇ ਉਨ੍ਹਾਂ ਦੀ ਨਰਾਜ਼ਗੀ ਹਲਕਾ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖ ਕੇ ਚੁਕਾਉਣੀ ਪਈ ਸੀ। ਜਿਸ ਦੀ ਉਦਾਹਰਣ ਜ਼ਿਲ੍ਹਾ ਮੋਹਾਲੀ ਤੋਂ ਦੇਖਣ ਨੂੰ ਮਿਲਦੀ ਹੈ ਜਿਥੇ ਤਿਨੋਂ ਵਿਧਾਨਸਭਾ ਸੀਟਾਂ ਵਿਚੋਂ ਇੱਕ ਵੀ ਸੀਟ ਕਾਂਗਰਸ ਪਾਰਟੀ ਨੂੰ ਹਾਸਲ ਨਹੀਂ ਹੋ ਸਕੀ। ਸੂਤਰਾਂ ਦੀ ਮੰਨੀਏ ਤਾਂ ਇਸ ਹਾਰ ਦਾ ਮੁੱਖ ਕਾਰਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੂੰ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਪਰੰਤੂ ਵਿਧਾਨ ਸਭਾ ਚੋਣਾਂ ਤੋਂ ਲੱਗਭਗ ਇੱਕ ਸਾਲ ਪਹਿਲਾਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਮੇਅਰ ਦੀ ਕੁਰਸੀ ਨੂੰ ਲੈ ਕੇ ਰਿਸ਼ਭ ਜੈਨ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਤੋਂ ਨਰਾਜ਼ ਚਲਦੇ ਆ ਰਹੇ ਸਨ। ਜਿਨ੍ਹਾਂ ਦੀ ਨਰਾਜ਼ਗੀ ਖਤਮ ਕਰਨ ਅਤੇ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਵੇਖ ਉਹਨਾਂ ਨੂੰ ਮਨਾਉਣ ਲਈ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਨਾਇਆ ਗਿਆ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਕਰੀਬ ਤਿੰਨ ਮਹੀਨਿਆਂ ਤੋਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਵਿੱਚ ਨਜ਼ਰ ਨਹੀਂ ਆਏ ਅਤੇ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਮੋਹਾਲੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਦਰਕਿਨਾਰ ਕਰ ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ। ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਵੀ ਇਹ ਕਾਟੋ-ਕਲੇਸ਼ ਅੱਜ ਵੀ ਪਾਰਟੀ ਵਿਚ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਜਿਥੇ ਇਕ ਪਾਸੇ ਨਵਜੋਤ ਸਿੰਘ ਸਿੱਧੂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਵੱਡੇ ਵੱਡੇ ਲੀਡਰਾਂ ਨਾਲ ਮੁਲਾਕਾਤ ਕਰਦੇ ਦਿਖਾਈ ਦਿੰਦੇ ਹਨ, ਅਤੇ ਓਧਰ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਿੱਚ ਆਪਣੀ ਪਕੜ ਮਜਬੂਤ ਕਰਨ ਲਈ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਉਹਨਾ ਦੇ ਹਲਕਿਆਂ ਵਿਚ ਜਾਕੇ ਮਿਲ ਰਹੇ ਹਨ।