ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਨਾਜਾਇਜ਼ ਪੱਕੇ ਕਬਜ਼ਿਆਂ ਦੀ ਮੂੰਹ ਬੋਲਦੀਆਂ ਤਸਵੀਰਾਂ।

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੋਹਾਲੀ ਵਿਖੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ,ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਤਾਰ ਤਾਰ ਕਰਦੇ ਦਿਖਾਈ ਦਿੰਦੀ ਹੈ।ਕਿਸੇ ਸਮੇਂ ਟਰਾਈਸਿਟੀ ਦਾ ਸਭ ਤੋਂ ਖੂਬਸੂਰਤ ਸ਼ਹਿਰ ਅਖਵਾਉਣ ਵਾਲ਼ਾ ਸ਼ਹਿਰ ਮੁਹਾਲੀ ਅੱਜ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ ਖੂਬਸੂਰਤੀ ਪੱਖੋਂ ਕੋਹਾਂ ਦੂਰ ਨਜ਼ਰ ਆਉਂਦਾ ਹੈ। ਜਿੱਥੇ ਇੱਕ ਪਾਸੇ ਨਗਰ ਨਿਗਮ ਮੁਹਾਲੀ ਵੱਲੋਂ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਉੱਥੇ ਹੀ ਦੂਸਰੇ ਪਾਸੇ ਨਗਰ ਨਿਗਮ ਮੁਹਾਲੀ ਤੇ ਕਾਬਜ਼ ਸਿਆਸੀ ਆਗੂਆਂ ਦੇ ਰਿਹਾਇਸ਼ੀ ਖੇਤਰ ਵਿੱਚ 200 ਮੀਟਰ ਦਾਇਰੇ ਅੰਦਰ ਪੱਕੇ ਛੈਡ ਲਗਾਕੇ ਸ਼ਰੇਆਮ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜੋ ਨਗਰ ਨਿਗਮ ਦੇ ਨਿਯਮਾਂ ਨੂੰ ਛਿੱਕੇ ਟੰਗ ਕਈ ਕਈ ਫੁੱਟ ਆਪਣੇ ਪੱਕੇ ਟਿਕਾਣੇ ਬਣਾਈ ਬੈਠੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਇਕਰੋਚਮੈਟ ਟੀਮ ਸਿਰਫ ਗਰੀਬ ਰੇੜ੍ਹੀਆਂ ਵਾਲਿਆਂ ਦੀਆਂ ਰੇਹੜੀਆਂ ਜ਼ਬਤ ਕਰਨ ਤੱਕ ਹੀ ਸੀਮਤ ਰਹਿੰਦੀ ਹੈ ਪ੍ਰੰਤੂ ਇਨ੍ਹਾਂ ਸਿਆਸੀ ਸ਼ਹਿ ਪ੍ਰਾਪਤ ਪੱਕੇ ਨਜ਼ਾਇਜ਼ ਕਬਜ਼ਾ ਧਾਰੀ ਵਿਅਕਤੀਆਂ ਉਪਰ ਬਿਨਾਂ ਕੋਈ ਕਾਰਵਾਈ ਕੀਤੇ ਅੱਖ ਬਚਾ ਕੇ ਲੰਘ ਜਾਂਦੀ ਹੈ। ਇੱਥੇ ਇੱਕ ਗੱਲ ਹੋਰ ਦੱਸਣਯੋਗ ਹੈ ਕਿ ਨਗਰ ਨਿਗਮ ਤੇ ਕਾਬਜ਼ ਸੱਤਾਧਾਰੀ ਸਿਆਸੀ ਆਗੂਆਂ ਵੱਲੋਂ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਹਮੇਸ਼ਾਂ ਇਕੋ ਹੀ ਗੱਲ ਕਹੀ ਜਾਂਦੀ ਹੈ ਕੇ ਜਲਦੀ ਤੋਂ ਜਲਦੀ ਸ਼ਹਿਰ ਵਿੱਚ ਸਾਰੇ ਨਜਾਇਜ਼ ਕਬਜ਼ੇ ਜਲਦੀ ਤੋਂ ਜਲਦੀ ਹਟਾ ਦਿੱਤੇ ਜਾਣਗੇ ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਸਬਜੀ ਵੇਚਣ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਕਦੋਂ ਚੱਕੇ ਜਾਂਦੇ ਹਨ। ਪਾਠਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮੋਹਾਲੀ ਫੇਸ 7 ਦੇ ਕਮਿਊਨਟੀ ਸੈਂਟਰ ਦੇ ਬਾਹਰ ਮੁੱਖ ਸੜਕ ਤੇ ਇੱਕ ਸਬਜ਼ੀ ਵਿਕਰੇਤਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਛੈਡ ਲਗਾ ਕੇ ਪੱਕਾ ਅੱਡਾ ਬਣਾਇਆਂ ਹੋਇਆ ਹੈ। ਇਸੇ ਤਰ੍ਹਾਂ ਫੇਜ਼- 3ਬੀ2 ਸ਼੍ਰੀ ਹਨੁਮਾਨ ਮੰਦਰ ਦੇ ਸਾਹਮਣੇ ਮੁੱਖ ਸੜਕ ਦੇ ਮੋੜ ਤੇ ਵੀ ਇੱਕ ਸਬਜ਼ੀ ਵਿਕਰੇਤਾ ਵੱਲੋਂ ਵੱਡਾ ਪੱਕਾ ਸੈਂਡ ਲਗਾ ਕੇ ਆਪਣਾ ਅੱਡਾ ਬਣਾਇਆ ਗਿਆ ਹੈ। ਮੋਹਾਲੀ ਵਿੱਚ ਅਜਿਹੇ ਹੋਰ ਵੀ ਬਹੁਤ ਨਾਜਾਇਜ਼ ਕਬਜ਼ੇ ਹਨ ਜੋ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਕਿਸੇ ਨਾ ਕਿਸੇ ਸਿਆਸੀ ਆਗੂਆਂ ਦੀ ਸ਼ਹਿ ਤੇ ਲੋਕਾਂ ਵੱਲੋਂ ਕੀਤੇ ਹੋਏ ਹਨ। ਇਹਨਾਂ ਲੋਕਾਂ ਵੱਲੋਂ ਮੁੱਖ ਸੜਕਾਂ ਤੇ ਕੀਤੇ ਕਬਜ਼ਿਆਂ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਇਨ੍ਹਾਂ ਸਬਜ਼ੀ ਵਾਲਿਆਂ ਵੱਲੋਂ ਲੋਕਾਂ ਤੋਂ ਮਨਮਾਨੇ ਰੇਟ ਵਸੂਲ ਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਕਿਸੇ ਨਾ ਕਿਸੇ ਸਿਆਸੀ ਆਗੂ ਦੀ ਸ਼ਹਿ ਪ੍ਰਾਪਤ ਇਹ ਲੋਕ ਇਸ ਕਦਰ ਬੇਖ਼ੌਫ਼ ਹੋ ਚੁੱਕੇ ਹਨ ਕੇ ਇਹ ਆਮ ਲੋਕਾਂ ਨਾਲ ਲੜਾਈ ਝਗੜਾ ਕਰਨ ਤੱਕ ਉਤਾਰੂ ਹੋ ਜਾਂਦੇ ਹਨ ਅਤੇ ਰਾਤ ਹੋਣ ਤੇ ਸ਼ਰਾਬਾਂ ਪੀਂਦੇ ਆਮ ਦੇਖੇ ਜਾਂਦੇ ਹਨ। ਅਸੀਂ ਇਹ ਗੱਲ ਵੀ ਸਪਸ਼ਟ ਕਰਦੇ ਹਾਂ ਕਿ ਅਸੀਂ ਕਿਸੇ ਵੀ ਰੇਹੜੀ-ਫੜ੍ਹੀ ਵਾਲੇ ਦੀ ਕੋਈ ਹਿਮਾਯਤ ਜਾਂ ਵਿਰੋਧ ਨਹੀਂ ਕਰਦੇ ਪ੍ਰੰਤੂ ਨਗਰ ਨਿਗਮ ਅਧਿਕਾਰੀਆਂ ਦੀ ਕਾਰਵਾਈ ਹਰੇਕ ਵਿਅਕਤੀ ਲਈ ਇੱਕ ਸਮਾਨ ਹੋਣੀ ਚਾਹੀਦੀ ਹੈ, ਨਾ ਕਿ ਸਿਰਫ ਗਰੀਬ ਬੇ ਸਹਾਰਾ ਰੇਹੜੀ-ਫੜ੍ਹੀ ਵਾਲਿਆਂ ਲਈ।

Leave a Reply

Your email address will not be published. Required fields are marked *