ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਬਿਹਤਰੀਨ ਸਿਨੇਮਾ ਅਤੇ ਸਿਨੇਮਾ ਉਦਯੋਗ ਵਿੱਚ ਮੌਜੂਦਾ ਰੁਝਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਜ਼ਿਲਾ ਮੁਹਾਲੀ ਦੇ ਪਿੰਡ ਘੜੂੰਆਂ ਵਿਖੇ ਦੋ ਰੋਜ਼ਾ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ। ਫ਼ਿਲਮ ਫੈਸਟੀਵਲ ਦੇ ਉਦਘਾਟਨੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਅਖਿਲੇਂਦਰ ਮਿਸ਼ਰਾ, ਰਾਣਾ ਜੰਗ ਬਹਾਦੁਰ, ਕੇ.ਸੀ ਬੋਕਾਡੀਆ, ਪ੍ਰੀਤੀ ਸ਼ਪਰੂ, ਸੌਰਭ ਸ਼ੁਕਲਾ, ਅਭਿਸ਼ੇਕ ਦੁਧਈਆ, ਗੈਵੀ ਚਹਿਲ, ਦਲੀਪ ਸਿੰਘ, ਦੇਵ ਸ਼ਰਮਾ, ਸਤਨਾਮ ਸਿੰਘ ਸੰਧੂ ਸਮੇਤ ਹੋਰ ਵਿਅਕਤੀ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਇਮਤਿਆਜ਼ ਅਲੀ ਨੇ ਵਿਸ਼ੇਸ਼ ਗੋਸ਼ਟੀ ਦੌਰਾਨ  ਫ਼ਿਲਮ ਸਟੱਡੀਜ਼ ਅਤੇ ਐਨੀਮੇਸ਼ਨ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸਿਨੇਮਾ ਉਦਯੋਗ ਵਿੱਚ ਮੌਜੂਦਾ ਰੁਝਾਨਾਂ ਬਾਰੇ ਮਾਰਗ ਦਰਸ਼ਨ ਮੁਹੱਈਆ ਕਰਵਾਇਆ। ਜ਼ਿਕਰਯੋਗ ਹੈ ਕਿ ਸੰਗੀਤ ਅਤੇ ਫ਼ਿਲਮ ਫੈਸਟੀਵਲ ਲਈ ਵੱਡੀ ਗਿਣਤੀ ਰਜਿਸਟ੍ਰੇਸ਼ਨਾਂ ਹੋਈਆਂ ਹਨ, ਜਿਸ ਅਧੀਨ ਮੇਲੇ ਦੌਰਾਨ ਫ਼ਿਚਰ ਫ਼ਿਲਮਾਂ, ਲਘੂ ਫ਼ਿਲਮਾਂ, ਦਸਤਾਵੇਜ਼ੀ, ਐਨੀਮੇਟਿਡ ਫ਼ਿਲਮਾਂ, ਮਿਊਜ਼ਿਕ ਫ਼ਿਲਮਾਂ ਦੀ ਸਕਰੀਨਿੰਗ ਹਾਜ਼ਰੀਨਾਂ ਨੂੰ ਵਿਲੱਖਣ ਤਜ਼ਰਬਾ ਪ੍ਰਦਾਨ ਕਰਨਗੀਆਂ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਵਿਰਸਾ ਬੜਾ ਅਮੀਰ ਹੈ, ਜਿਸ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਫ਼ਿਲਮਾਂ ਮਹੱਤਵਪੂਰਨ ਮੰਚ ਸਾਬਤ ਹੋਣਗੀਆਂ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਵਿਰਸੇ ਨੂੰ ਪ੍ਰਫੁੱਲਿਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਨਵੇਂ ਪੰਜਾਬ ਦੀ ਸਿਰਜਣਾ ਦੀ ਲੋੜ ਹੈ, ਜਿਸ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵੱਲ ਰੁਖ ਕਰ ਰਹੀ ਨੌਜਵਾਨੀ ਲਈ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਸਿਰਜਿਆ ਜਾਵੇਗਾ। ਨੌਜਵਾਨੀ ਨੂੰ ਸੇਧ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਸਤਿਕਾਰ ਜ਼ਿੰਦਗੀ ’ਚ ਬੜੀ ਅਹਿਮੀਅਤ ਰੱਖਦਾ ਹੈ, ਜਿਸ ਦੇ ਮਾਧਿਅਮ ਰਾਹੀਂ ਅਸੀਂ ਚੰਗੇ ਭਵਿੱਖ ਦੀ ਸਿਰਜਣਾ ਕਰ ਸਕਦੇ ਹਾਂ।
ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਸਿੱਧ ਡਾਇਰੈਕਟਰ ਇਮਤਿਆਜ਼ ਅਲੀ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਨੂੰ ਗੁਰੂਆਂ-ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬੋ-ਹਵਾ ’ਚ ਪਿਆਰ-ਮੁਹੱਬਤ ਦੀ ਖੁਸ਼ਬੂ ਦੀ ਮਹਿਕ ਆਉਂਦੀ ਹੈ।ਉਨ੍ਹਾਂ ਕਿਹਾ ਕਿ ਇਥੋਂ ਦੀਆਂ ਨਦੀਆਂ, ਨਹਿਰਾਂ, ਖੇਤੀਬਾੜੀ, ਵਾਤਾਵਰਣ ’ਚ ਵਿਰਾਸਤ ਦੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ, ਨਦੀਆਂ, ਵਾਤਾਵਰਣ ਦੀ ਸਾਂਭ ਸੰਭਾਲ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਮਸ਼ਹੂਰ ਅਭਿਨੇਤਾ, ਪਟਕਥਾ ਲੇਖਕ ਅਤੇ ਫ਼ਿਲਮ ਨਿਰਦੇਸ਼ਕ ਸੌਰਭ ਸ਼ੁਕਲਾ ਨੇ ਫ਼ਿਲਮ ਫੈਸਟੀਵਲ ਦੇ ਆਯੋਜਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਫ਼ਿਲਮਾਂ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਹਨ ਅਤੇ ਸਾਨੂੰ ਸ਼ਾਨਦਾਰ ਢੰਗ ਨਾਲ ਕਹਾਣੀਆਂ ਬਿਆਨ ਕਰਨ ਦੀ ਇਜਾਜ਼ਤ ਦਿੰਦੀਆਂ ਹਨ।ਇਸ ਮੌਕੇ ਉੱਘੇ ਫ਼ਿਲਮ ਨਿਰਮਾਤਾ ਕੇ.ਸੀ ਬੋਕਾਡੀਆ ਨੇ ਇਸ ਫੈਸਟੀਵਲ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੈਸਟੀਵਲ ਨੇ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਇੱਕ ਮੰਚ ’ਤੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਪ੍ਰਸਿੱਧ ਅਦਾਕਾਰਾ ਪ੍ਰੀਤੀ ਸ਼ਪਰੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦਾ ਵਿਰਸਾ, ਵਾਤਾਵਰਣ ਐਨਾ ਖੁਸ਼ਹਾਲ ਹੈ ਕਿ ਸਾਨੂੰ ਇਸ ਮਹਾਨ ਧਰਤੀ ਨੂੰ ਕਿਸੇ ਹੋਰ ਦੇਸ਼ ਲਈ ਛੱਡਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੋਂ ਬਿਨਾਂ ਕੋਈ ਪੰਜਾਬ ਨਹੀਂ ਹੈ, ਸਾਨੂੰ ਆਪਣੇ ਇਤਿਹਾਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਸੰਭਾਲਣ ਲਈ ਯੋਗਦਾਨ ਪਾਉਣ ਦੀ ਲੋੜ ਹੈ।

Leave a Reply

Your email address will not be published. Required fields are marked *