
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਕਰੋੜਾਂ ਰੁਪਏ ਦੇ ਬਜਟ ਪਾਸ ਕੀਤੇ ਜਾ ਰਹੇ ਹਨ। ਨਗਰ ਨਿਗਮ ਮੋਹਾਲੀ ਦੇ ਅਧੀਨ ਆਉਂਦੀਆਂ ਮਾਰਕੀਟਾਂ’ਚ ਪਹਿਲਾਂ ਲੱਗੀਆਂ ਲਾਈਟਾਂ ਨੂੰ ਬਦਲ ਕੇ ਨਵੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਤੇ ਲੱਖਾਂ-ਕਰੋੜਾਂ ਰੁਪਏ ਦਾ ਖਰਚ ਆਇਆ ਹੈ। ਦੂਸਰੇ ਪਾਸੇ ਮੋਹਾਲੀ ਫੇਜ਼-5 ਤੋਂ ਸਪਾਈਸ ਲਾਈਟਾਂ ਵੱਲ ਜਾਂਦਾ ਮੁੱਖ ਮਾਰਗ ਤੇ ਲੱਗੀਆਂ ਪੁਰਾਣੀਆ ਲਾਈਟਾਂ ਵੀ ਨਗਰ ਨਿਗਮ ਵੱਲੋਂ ਰੱਬ ਆਸਰੇ ਹੀ ਛੱਡੀਆਂ ਹੋਈਆਂ ਹਨ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ। ਇਕ ਪਾਸੇ ਨਗਰ ਨਿਗਮ ਮੋਹਾਲੀ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੋਹਾਲੀ ਨੂੰ ਖੁਬਸੂਰਤ ਕਰਨ ਨੂੰ ਲੈ ਕੇ ਸ਼ਹਿਰ ਵਿੱਚ ਐਲ ਈ ਡੀ ਲਾਈਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਸ਼ੜਕਾਂ ਤੇ ਲੱਗੀਆਂ ਸਟਰੀਟ ਲਾਈਟਾਂ ਹਾਦਸਿਆਂ ਨੂੰ ਸੱਦਾ ਦੇਂਦਿਆਂ ਹੋਇਆ ਨਜ਼ਰ ਆਉਂਦੀਆਂ ਹਨ। ਮੁਹਾਲੀ ਸ਼ਹਿਰ ਵਿਚ ਲਗਾਤਾਰ ਵੱਧ ਰਹੇ ਨਾਜਾਇਜ਼ ਕਬਜ਼ਿਆਂ ਅਤੇ ਟੁੱਟੇ ਹੋਏ ਸਾਈਨ ਬੋਰਡ ਮੋਹਾਲੀ ਦੀ ਸੁੰਦਰਤਾ ਨੂੰ ਦਰਸਾਉਂਦੇ ਹੋਏ ਨਜ਼ਰ ਆਉਂਦੇ ਹਨ। ਜਿਸ ਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਚੁਣੇ ਹੋਏ ਕੌਂਸਲਰਾਂ ਦੀ ਕੋਈ ਨਜ਼ਰ ਨਹੀਂ ਪੈਂਦੀ ਜਾਂ ਉਨ੍ਹਾਂ ਵੱਲੋਂ ਇਹ ਇਲਾਕੇ ਅਣਦੇਖੇ ਕੀਤੇ ਜਾ ਰਹੇ ਹਨ।