ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਦਿਨ ਪ੍ਰਤੀ ਦਿਨ ਸ਼ਹਿਰ ਮੁਹਾਲੀ ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਜਿਸ ਤੇ ਨਗਰ ਨਿਗਮ ਅਧਿਕਾਰੀਆਂ ਤੋਂ ਲੈ ਕੇ ਜਨਤਾ ਵੱਲੋਂ ਚੁਣੇ ਹੋਏ ਨੁਮਾਇੰਦੇ ਕੌਂਸਲਰਾਂ ਤੱਕ ਦੀ ਨਜ਼ਰ ਨਹੀਂ ਪੈ ਰਹੀ। ਹਾਲਾਂਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਜ਼ੋਰ ਸ਼ੋਰ ਨਾਲ ਨਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ ਜਾਂਦਾ ਹੈ,ਕਿ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਪੱਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਵਾਰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਆਪਣੇ ਵਾਰਡਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਪੱਕੇ ਨਾਜਾਇਜ਼ ਕਬਜ਼ਿਆਂ ਸਬੰਧੀ ਕੋਈ ਵੀ ਜ਼ਿਕਰ ਨਹੀਂ ਕੀਤਾ ਜਾਂਦਾ। ਨਗਰ ਨਿਗਮ ਅਧਿਕਾਰੀਆਂ ਦੀ ਮਾਰ ਝੱਲ ਰਹੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਇਸ ਗੱਲ ਦਾ ਪੁਰਜ਼ੋਰ ਵਿਰੋਧ ਕੀਤਾ ਜਾਂਦਾ ਹੈ ਕਿ ਨਗਰ ਨਿਗਮ ਮੋਹਾਲੀ ਵੱਲੋਂ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਸਥਾਈ ਟਿਕਾਣੇ ਤੇ ਅੱਡਾ ਲਗਾਉਣ ਸਬੰਧੀ ਕੋਈ ਇਜਾਜ਼ਤ ਨਹੀਂ ਮਿਲੀ। ਲੇਕਿਨ ਇਸਦੇ ਬਾਵਜੂਦ ਵੀ ਮੋਹਾਲੀ ਦੇ ਵੱਖ-ਵੱਖ ਵਾਰਡਾਂ ਵਿਚ ਕੁੱਝ ਚੁਨਿੰਦਾ ਸਬਜ਼ੀ, ਫਾਲ, ਜੂਸ ਵਿਕਰੇਤਾਵਾਂ ਆਦਿ ਵੱਲੋਂ ਸਰੇਆਮ ਸਿਆਸੀ ਅਤੇ ਅਫਸਰਸ਼ਾਹੀ ਦੀ ਸ਼ਹਿ ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਜਿਹਨਾਂ ਤੇ ਨਗਰ ਨਿਗਮ ਇਨਫੋਰਸਮੈਂਟ ਟੀਮ ਦੀ ਨਜ਼ਰ ਤੱਕ ਨਹੀਂ ਪੈਂਦੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ-6 ਵਿੱਚ ਰੇਹੜੀ-ਫੜੀ ਲਗਾਉਣ ਲਈ ਲਗਾਉਣ ਲਈ ਕੁੱਝ ਨੇਤਾ ਇਹਨਾਂ ਫੜੀ ਵਾਲਿਆਂ ਤੋਂ ਹਰ ਮਹੀਨੇ ਉਗਰਾਹੀ ਕਰਦੇ ਨਜ਼ਰ ਆਉਂਦੇ ਹਨ। ਕਿਉਂਕਿ ਮੋਹਾਲੀ ਦੇ ਫੇਸ-6 ਮਾਰਕੀਟ ਵਿੱਚ ਕੋਈ ਵੀ ਨਵਾਂ ਵਿਅਕਤੀ ਇਹਨਾਂ ਨੇਤਾਵਾਂ ਦੀ ਮਰਜ਼ੀ ਬਗੈਰ ਰੇਹੜੀ ਫੜ੍ਹੀ ਨਹੀਂ ਲਗਾ ਸਕਦਾ। ਜਿਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਿਆਸੀ ਅਤੇ ਗੈਰ ਸਿਆਸੀ ਆਗੂਆਂ ਦੀ ਸ਼ਹਿ ਤੇ ਹੀ ਇਹ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਜੋ ਇਹ ਕਬਜ਼ੇ ਨਗਰ ਨਿਗਮ ਅਧਿਕਾਰੀਆਂ ਇਹਨਾਂ ਨੂੰ ਅੱਖੋਂ ਪਰੋਖੇ ਕਰ ਉਥੋਂ ਲੰਘ ਜਾਂਦੇ ਹਨ।