ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਸੈਕਟਰ 70 ਅਮਰ ਹਸਪਤਾਲ ਚੌਕ ਤੋਂ ਟੈਲੀਫੋਨ ਐਕਸਚੇਂਜ ਨੂੰ ਜਾਂਦੀ ਮੁੱਖ ਸੜਕ ਤੇ ਬਣੇ ਰਿਹਾਇਸ਼ੀ ਐੱਮ ਆਈ ਜੀ ਫਲੈਟਾਂ ਦੇ ਗੈਰਾਜ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਦੁਕਾਨਾਂ ਖੋਲ੍ਹ ਰੱਖੀਆਂ ਹਨ। ਹੋਰ ਤਾਂ ਹੋਰ ਇਹਨਾਂ ਲੋਕਾਂ ਵੱਲੋਂ ਸਰਕਾਰੀ ਆਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਦੁਕਾਨਾਂ ਦੇ ਬਾਹਰ 10/10 ਫੁੱਟ ਤੱਕ ਪੱਕੇ ਸੈਡ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ। ਸਬੰਧਤ ਅਧਿਕਾਰੀਆਂ ਵੱਲੋਂ ਸਮਾਂ ਰਹਿੰਦੇ ਇਹਨਾਂ ਕਬਜ਼ਾਧਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਨਾ ਲਿਆਉਣ ਕਾਰਨ ਕਬਜ਼ਿਆਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਫੇਰ ਚਾਹੇਂ ਇਹ ਕਬਜ਼ੇ ਕਿਸੇ ਫੱਲ ਫਰੂਟ ਜਾਂ ਸਬਜ਼ੀ ਵਾਲਿਆਂ ਵੱਲੋਂ ਕੀਤੇ ਜਾ ਰਹੇ ਹੋਣ ਜਾ ਕਿਸੇ ਰਾਜਸੀ ਸ਼ਹਿ ਪ੍ਰਾਪਤ ਦੁਕਾਨਦਾਰਾਂ ਵੱਲੋਂ ਕੀਤੇ ਗਏ ਹੋਣ। ਸ਼ਹਿਰ ਦੀਆਂ ਮੁੱਖ ਸੜਕਾਂ ਤੇ ਅਜਿਹੇ ਗ਼ੈਰਜ਼ਿਮੇਦਾਰ ਕਬਜ਼ਾਧਾਰੀਆਂ ਕਾਰਨ ਜਿੱਥੇ ਸ਼ਹਿਰ ਦੀ ਸੁੰਦਰਤਾ ਖ਼ਰਾਬ ਹੋ ਰਹੀ ਹੈ ਉਥੇ ਹੀ ਨਗਰ ਨਿਗਮ ਅਤੇ ਗਮਾਡਾ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਸੈਕਟਰ 70 ਦੀ ਮੁੱਖ ਸੜਕ ਤੇ ਚੱਲ ਰਹੀਆਂ ਦੋ ਤਿੰਨ ਕਰਿਆਨੇ ਦੀਆਂ ਦੁਕਾਨਾਂ ਕਾਰਨ ਬਾਕੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇਨ੍ਹਾਂ ਇੱਕ ਦੋ ਵਿਅਕਤੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਦੇਖ ਬਾਕੀ ਲੋਕਾਂ ਵੱਲੋਂ ਵੀ ਦਿਨੋਂ ਦਿਨ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੁਕਾਨਦਾਰਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮੁੱਖ ਸੜਕ ਤੇ ਲਗਦੇ ਸਾਰੇ ਗੈਰਾਜਾਂ ਵਿੱਚ ਦੁਕਾਨਾਂ ਖੁੱਲ ਸਕਦੀਆ ਹਨ ਜੋ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਲਈ ਸਿਰਦਰਦ ਸਾਬਤ ਹੋਣਗੀਆਂ। ਮੌਜੂਦਾ ਹਾਲਾਤ ਏਥੋਂ ਤੱਕ ਬਦਤਰ ਹੋ ਚੁੱਕੇ ਹਨ ਕੇ ਇਨ੍ਹਾਂ ਇੱਕਾ ਦੁੱਕਾ ਦੁਕਾਨਾਂ ਕਾਰਨ ਮੁੱਖ ਸੜਕ ਤੇ ਹਰ ਰੋਜ਼ ਭਾਰੀ ਇਨਾਮ ਦੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਆਸ ਪੜੌਸ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਟ੍ਰੈਫਿਕ ਜਾਮ ਦੀ ਸਥਿਤੀ ਹੋਣ ਕਾਰਨ ਇਸ ਸੜਕ ਤੇ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਲੇਕਿਨ ਸਬੰਧਤ ਅਧਿਕਾਰੀ ਰਾਜਸੀ ਸ਼ਹਿ ਜਾਂ ਦਬਾਅ ਕਾਰਨ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਮ ਨਹੀਂ ਲੈ ਰਹੇ। ਜਿਸ ਕਾਰਨ ਨਜ਼ਦੀਕ ਰਹਿੰਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਤੇ ਕੀਤੇ ਕਬਜੇ ਛੁਡਵਾਏ ਜਾਣ ਤਾਂ ਜੋ ਕਾਰ ਪਾਰਕਿੰਗ ਲਈ ਬਣਾਏ ਗਏ ਫੁੱਟ ਪਾਥ ਵਾਹਨਾਂ ਦੀ ਪਾਰਕਿੰਗ ਲਈ ਵਰਤੇ ਜਾ ਸਕਣ।

Leave a Reply

Your email address will not be published. Required fields are marked *