ਮੁਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਆਪਣੇ ਪੱਤਰ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੋਹਾਲੀ ਲਗਾਤਾਰ ਵਿਕਸਿਤ ਹੁੰਦਾ ਹੋਇਆ ਸ਼ਹਿਰ ਹੈ ਜਿਥੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਲੋਕਾਂ ਨੂੰ ਦਰਪੇਸ਼ ਆਉਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਵਾਸਤੇ ਨਗਰ ਨਿਗਮ ਮੋਹਾਲੀ ਵਲੋਂ ਪਾਰਕਾਂ ਦੀਆਂ ਰੇਲਿੰਗਾਂ ਅੰਦਰ ਕਰਕੇ ਪਾਰਕਿੰਗ ਵਧਾਈ ਗਈ ਸੀ ਪਰ ਫੇਰ ਵੀ ਵਧਦੀਆਂ ਗੱਡੀਆਂ ਕਾਰਨ  ਇਹ ਉਪਰਾਲਾ ਵੀ ਕੁਝ ਸਮੇਂ ਬਾਅਦ ਕੰਮ ਨਹੀਂ ਆ ਰਿਹਾ ਇਸ ਲਈ ਗਮਾਡਾ ਨੂੰ  ਪਾਰਕਿੰਗ ਵਾਸਤੇ ਵੱਖਰੇ ਕਦਮ ਚੁੱਕਣੇ ਪੈਣਗੇ।ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਹੈ ਕਿ ਸ਼ੁਰੂਆਤੀ ਤੌਰ ਤੇ  ਵੱਖ ਵੱਖ ਸੈਕਟਰਾਂ ਅਤੇ ਫੇਜ਼ਾਂ ਵਿਚ ਸਰਵੇ ਕਰਵਾ ਕੇ ਘੱਟੋ ਘੱਟ ਇਕ ਪਾਰਕ ਦੀ ਬੇਸਮੈਂਟ ਬਣਾ ਕੇ ਉਸ ਨੂੰ ਪਾਰਕਿੰਗ ਵਾਸਤੇ ਰਿਜ਼ਰਵ ਕੀਤਾ ਜਾਵੇ ਅਤੇ ਉੱਪਰਲੇ ਪਾਸੇ ਪਾਰਕ ਹੀ ਵਿਕਸਿਤ ਕੀਤਾ ਜਾਵੇ। ਇਸ ਪਾਰਕ ਦੀ ਬੇਸਮੈਂਟ ਦੀ ਪਾਰਕਿੰਗ ਵਿੱਚ ਇਲਾਕੇ ਦੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ  ਅਤੇ ਇਸ ਨਾਲ ਪਾਰਕਿੰਗ ਦੀ ਸਮੱਸਿਆ ਕੁਝ ਹੱਦ ਤੱਕ ਹੱਲ ਕੀਤੀ ਜਾ ਸਕਦੀ ਹੈ ਅਤੇ ਬਾਅਦ ਵਿੱਚ ਪਾਰਕਾਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਮੋਹਾਲੀ ਵਿਚ ਚੰਡੀਗੜ੍ਹ ਦੀ ਤਰਜ਼ ਤੇ ਲੋਕਾਂ ਨੇ ਫਲੋਰ ਵਾਈਜ਼ ਕੋਠੀਆਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਕਵੇਂ ਢੰਗ ਨਾਲ ਸ਼ੇਅਰ ਵੇਚੇ ਜਾਂਦੇ ਹਨ ਅਤੇ ਮੰਜ਼ਿਲਾਂ ਦੇ ਹਿਸਾਬ ਨਾਲ ਕਬਜ਼ੇ ਦਿੱਤੇ ਜਾਂਦੇ ਹਨ ਜਿਸ ਨਾਲ ਇਕ ਇਕ ਕੋਠੀ ਵਿਚ ਤਿੰਨ ਤਿੰਨ ਵੱਖ ਪਰਿਵਾਰਾਂ ਦੀ ਮਲਕੀਅਤ ਹੋ ਗਈ ਹੈ ਜਿਨ੍ਹਾਂ ਕੋਲ ਇਕੱਲੇ ਇਕੱਲੇ ਕੋਲ ਦੋ ਦੋ ਤਿੰਨ ਤਿੰਨ ਗੱਡੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਦੀਆਂ ਕੀਮਤਾਂ ਵਧਣ ਦੇ ਕਾਰਨ ਲੋਕ ਵੀ ਫਲੋਰ ਵਾਈਜ਼ ਮਕਾਨ ਖ਼ਰੀਦਣ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ  ਪਰ ਇਸ ਨਾਲ ਪਾਰਕਿੰਗ ਦੀ ਸਮੱਸਿਆ ਵਿਕਰਾਲ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਕਈ ਇਲਾਕਿਆਂ ਵਿਚ ਲੋਕਾਂ ਨੇ ਆਪਣੇ ਮਕਾਨ ਪੇਇੰਗ ਗੈਸਟਾਂ ਨੂੰ ਦਿੱਤੇ ਹੋਏ ਹਨ ਜਿਨ੍ਹਾਂ ਕੋਲ ਇਕੱਲੇ ਇਕੱਲੇ ਕੋਲ ਗੱਡੀਆਂ ਹਨ ਅਤੇ ਇਸ ਕਰਕੇ ਵੀ ਪਾਰਕਿੰਗ ਦੀ ਸਮੱਸਿਆ ਵਧ ਰਹੀ ਹੈ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਦੇ ਨਾਲ ਨਾਲ ਜਿੱਥੇ  ਨਵੇਂ ਸੈਕਟਰਾਂ ਵਿਚ ਗਮਾਡਾ ਚਾਰ ਮੰਜ਼ਲਾ ਕੋਠੀਆਂ ਬਣਾਉਣ ਦੀ ਇਜਾਜ਼ਤ ਦੇਵੇ ਉੱਥੇ ਪੁਰਾਣੇ ਸੈਕਟਰਾਂ ਵਿੱਚ  ਤੋੜ ਕੇ ਕੋਠੀਆਂ ਧਾਅ ਕੇ ਨਵੀਂਆਂ ਬਣਾਉਣ ਵਾਲਿਆਂ ਨੂੰ ਵੀ ਇਹ ਇਜਾਜ਼ਤ ਦੇਵੇ  ਅਤੇ  ਗਰਾਊਂਡ ਫਲੋਰ ਉੱਤੇ ਸਟਿਲਟ ਪਾਰਕਿੰਗ ਦੀ ਵਿਵਸਥਾ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਇਸ ਨਾਲ ਘੱਟੋ ਘੱਟ ਇਕ ਕੋਠੀ ਦੀਆਂ ਕਾਰਾਂ ਸਟਿਲਟ ਪਾਰਕਿੰਗ ਵਿੱਚ ਖੜ੍ਹੀਆਂ ਹੋਣਗੀਆਂ ਅਤੇ ਇਸ ਨਾਲ ਟ੍ਰੈਫਿਕ ਵਿਵਸਥਾ ਸੁਚਾਰੂ ਹੋਵੇਗੀ।ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਕਈ ਥਾਵਾਂ ਤੇ ਗਮਾਡਾ ਨੇ ਹਾਈਰਾਈਜ਼ ਬਿਲਡਿੰਗ ਬਣਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਖ਼ੁਦ ਵੀ ਚਾਰ ਮੰਜ਼ਿਲਾਂ ਤੋਂ ਵੱਧ ਫਲੈਟ ਬਣਾਏ ਹਨ ਤਾਂ ਫਿਰ ਲੋਕਾਂ ਨੂੰ ਇਸ ਦੀ ਇਜਾਜ਼ਤ  ਕਿਉਂ ਨਹੀਂ ਦਿੱਤੀ ਜਾਂਦੀ।ਉਨ੍ਹਾਂ ਕਿਹਾ ਕਿ ਗਮਾਡਾ ਦੇ ਅਧਿਕਾਰੀਆ ਦੀ ਪੁਰਾਣੀ ਪਲੈਨਿੰਗ ਵਿੱਚ ਇਹ ਸੋਚਿਆ ਹੀ ਨਹੀਂ ਗਿਆ ਕਿ ਸ਼ਹਿਰ ਵਿੱਚ ਇੰਨੀਆਂ ਜ਼ਿਆਦਾ ਗੱਡੀਆਂ ਆ ਜਾਣਗੀਆਂ ਕਿ ਪਾਰਕਿੰਗ ਵਿਵਸਥਾ  ਠੱਪ ਹੋ ਕੇ ਰਹਿ ਜਾਏਗੀ। ਉਨ੍ਹਾਂ ਕਿਹਾ ਕਿ ਅੱਜ ਮੋਹਾਲੀ ਦੀਆਂ ਮਾਰਕੀਟਾਂ ਦੀ ਪਾਰਕਿੰਗ ਦੀ ਗੱਲ ਹੋਵੇ ਭਾਵੇਂ ਅੰਦਰੂਨੀ ਸੜਕਾਂ ਉੱਤੇ ਪਾਰਕਿੰਗ ਦੀ ਗੱਲ ਹੋਵੇ, ਲੋਕ ਲੜਾਈਆਂ ਤਕ ਉਤਾਰੂ ਹੋ ਚੁੱਕੇ ਹਨ ਅਤੇ ਲੋਕਾਂ ਦੇ ਸਬੰਧਾਂ ਵਿੱਚ ਭਾਰੀ ਕੁੜੱਤਣ ਆ ਰਹੀ ਹੈ ਜਿਸ ਨੂੰ ਵੇਖਦੇ ਹੋਏ ਸਮੇਂ ਦੀ ਮੰਗ ਅਨੁਸਾਰ ਪਾਰਕਿੰਗ ਦੀ ਵਿਵਸਥਾ ਨੂੰ ਠੀਕ ਕਰਨਾ ਬੇਹੱਦ ਜ਼ਰੂਰੀ ਕਦਮ ਹੈ।ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਅਧਿਕਾਰੀਆਂ ਨੇ ਇਹ ਕਦਮ ਨਾ ਚੁੱਕੇ ਤਾਂ ਉਹ ਮਜਬੂਰ ਹੋ ਕੇ ਗਮਾਡਾ ਦੇ ਅਧਿਕਾਰੀਆਂ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣ ਲੱਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਗਮਾਡਾ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Leave a Reply

Your email address will not be published. Required fields are marked *