
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਰਾਏਪੁਰ (ਛੱਤੀਸਗੜ੍ਹ) ਦੇ ਮੇਅਰ ਐਜਾਜ਼ ਧੇਬਰ, ਪ੍ਰਮੋਦ ਦੁਬੇ ਸਭਾਪਤੀ (ਚੇਅਰਮੈਨ) ਅਤੇ ਮਿਨਾਲ ਸ਼ਗਾਨ ਚੌਬੇ ਜੋ ਕਿ ਛੱਤੀਸਗੜ੍ਹ ਦੇ ਰਾਏਪੁਰ ਮਿਊਂਸਪਲ ਕਾਰਪੋਰੇਸ਼ਨ ਦੀ ਵਿਰੋਧੀ ਧਿਰ ਦੀ ਨੇਤਾ ਹੈ ਵੱਲੋਂ ਨਗਰ ਨਿਗਮ ਛੱਤੀਸਗਡ਼੍ਹ ਦੇ ਕੌਂਸਲਰਾਂ ਅਤੇ ਅਧਿਕਾਰੀਆਂ ਸਮੇਤ ਮੁਹਾਲੀ ਨਗਰ ਨਿਗਮ ਦਾ ਦੌਰਾ ਕੀਤਾ ਗਿਆ।ਇਸ ਦੌਰੇ ਦੌਰਾਨ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਪੂਰੀ ਗਰਮਜੋਸ਼ੀ ਨਾਲ ਇਸ ਵਫਦ ਦਾ ਸਵਾਗਤ ਕੀਤਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਕਾਫੀ ਸਮੇਂ ਤੱਕ ਇਸ ਵਫ਼ਦ ਨੂੰ ਮਿਲਣ ਲਈ ਇੰਤਜ਼ਾਰ ਕਰਦੇ ਰਹੇ ਪਰ ਵਫ਼ਦ ਕਈ ਘੰਟੇ ਲੇਟ ਹੋਣ ਕਾਰਨ ਉਨ੍ਹਾਂ ਨੂੰ ਜਾਣਾ ਪਿਆ।ਮੁਹਾਲੀ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਇਕੱਠੇ ਹੋਏ ਰਾਏਪੁਰ ਦੇ ਮੇਅਰ ਅਤੇ ਕੌਂਸਲਰਾਂ ਨੇ ਮੋਹਾਲੀ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ ਜਿਨ੍ਹਾਂ ਦੀ ਉਨ੍ਹਾਂ ਨੂੰ ਡੈਮੋਂਸਟਰੇਸ਼ਨ ਦਿੱਤੀ ਗਈ।ਖਾਸ ਤੌਰ ਤੇ ਰਾਏਪੁਰ ਤੋਂ ਆਏ ਇਸ ਵਫ਼ਦ ਨੂੰ ਮੁਹਾਲੀ ਵਿੱਚ ਹਰਿਆਲੀ ਅਤੇ 700 ਪਾਰਕਾਂ ਦੀ ਗਿਣਤੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਹੀ ਨਹੀਂ ਮੋਹਾਲੀ ਨਗਰ ਨਿਗਮ ਵਿੱਚ 50 ਫ਼ੀਸਦੀ ਔਰਤ ਕੌਂਸਲਰਾਂ ਬਾਰੇ ਜਾਣ ਕੇ ਵੀ ਇਹ ਵਫ਼ਦ ਬਹੁਤ ਪ੍ਰਭਾਵਤ ਹੋਇਆ।ਦੂਜੇ ਪਾਸੇ ਮੋਹਾਲੀ ਨਗਰ ਨਿਗਮ ਨੂੰ ਇਹ ਜਾਣ ਕੇ ਅਸਚਰਜ ਹੋਇਆ ਕਿ ਰਾਏਪੁਰ ਵਿਖੇ ਨਗਰ ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਦਾ ਅਹੁਦਾ ਹੀ ਨਹੀਂ ਹੈ। ਰਾਏਪੁਰ ਨਗਰ ਨਿਗਮ ਵਿਚ ਮੇਅਰ ਤੋਂ ਇਲਾਵਾ ਸਭਾਪਤੀ ਅਤੇ ਵਿਰੋਧੀ ਧਿਰ ਦੀ ਨੇਤਾ ਦੇ ਸੰਵਿਧਾਨਕ ਅਹੁਦੇ ਹਨ। ਇਸ ਮੌਕੇ ਖਾਸ ਤੌਰ ਤੇ ਵਿਰੋਧੀ ਧਿਰ ਦੀ ਆਗੂ ਮਿਨਾਲ ਸ਼ਗਨ ਚੌਬੇ ਨੇ ਕਿਹਾ ਕਿ ਉਹ ਛੱਤੀਸਗੜ੍ਹ ਸਰਕਾਰ ਨੂੰ ਵੀ 50 jਫੀਸਦੀ ਔਰਤਾਂ ਲਈ ਸੀਟਾਂ ਰਾਖਵੀਆਂ ਕਰਨ ਲਈ ਮੰਗ ਕਰਨਗੇ।ਇਹੀ ਨਹੀਂ ਰਾਏਪੁਰ ਤੋਂ ਆਏ ਵਫ਼ਦ ਨੇ ਦੱਸਿਆ ਕਿ ਰਾਏਪੁਰ ਵਿੱਚ ਇੱਕ ਛੇ ਏਕੜ ਖੇਤਰ ਵਿਚ ਲਾਇਬਰੇਰੀ ਬਣੀ ਹੋਈ ਹੈ ਜੋ ਚੌਵੀ ਘੰਟੇ ਖੁੱਲ੍ਹੀ ਰਹਿੰਦੀ ਹੈ ਅਤੇ ਇੱਥੇ ਵਿਦਿਆਰਥੀਆਂ ਨੂੰ ਆਉਣ ਦੀ ਖੁੱਲ੍ਹ ਹੈ ਤੇ ਇਸ ਨਾਲ ਵਿਸ਼ੇਸ਼ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੁੰਦਾ ਹੈ ਜਿਨ੍ਹਾਂ ਕੋਲ ਘਰ ਵਿੱਚ ਪੜ੍ਹਨ ਦੀ ਥਾਂ ਨਹੀਂ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਵਿਸ਼ੇਸ਼ ਤੌਰ ਤੇ ਇਸ ਤੋਂ ਪ੍ਰਭਾਵਤ ਹੋਏ ਅਤੇ ਕਿਹਾ ਕਿ ਉਹ ਮੁਹਾਲੀ ਵਿੱਚ ਵੀ ਅਜਿਹਾ ਹੀ ਕੁਝ ਕਰਨ ਵਾਸਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਵਿਚਾਰ ਵਟਾਂਦਰਾ ਕਰਨਗੇ।ਇਸ ਮੌਕੇ ਮੁਹਾਲੀ ਨਗਰ ਨਿਗਮ ਵੱਲੋਂ ਡਿਮਾਂਸਟਰੇਸ਼ਨ ਦੇ ਦੌਰਾਨ ਉਨ੍ਹਾਂ ਨੂੰ ਚੱਪੜਚਿੜੀ, ਪੀਸੀਏ, ਸਟੇਡੀਅਮ ਅਤੇ ਮੋਹਾਲੀ ਦੀਆਂ ਹੋਰ ਵਿਸ਼ੇਸ਼ ਥਾਂਵਾਂ ਵੀ ਦਿਖਾਈਆਂ ਗਈਆਂ। ਰਾਏਪੁਰ ਦੇ ਮੇਅਰ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਇੱਕ ਵਾਰ ਮੁਹਾਲੀ ਵਿੱਚ ਪੀਸੀਏ ਸਟੇਡੀਅਮ ਵਿੱਚ ਮੈਚ ਵੇਖਣ ਆ ਚੁੱਕੇ ਹਨ।ਇਸ ਮੌਕੇ ਰਾਏਪੁਰ ਦੇ ਮੇਅਰ ਅਤੇ ਸਮੁੱਚੇ ਵਫ਼ਦ ਨੇ ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਦਾ ਇਸ ਗਰਮ ਜੋਸ਼ੀ ਨਾਲ ਕੀਤੇ ਗਏ ਸਵਾਗਤ ਸਬੰਧੀ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਰਾਏਪੁਰ ਆਉਣ ਦਾ ਸੱਦਾ ਵੀ ਦਿੱਤਾ।