ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮੋਹਾਲੀ ਸਮਾਲ ਇੰਡਸਟਰੀ ਵੈਲਫੇਅਰ ਸੁਸਾਇਟੀ (ਰਜਿ) ਮੋਹਾਲੀ ਦੇ ਪ੍ਰਧਾਨ ਸੀ.ਪੀ.ਸਿੰਘ ਦੀ ਅਗਵਾਈ ਹੇਠ ਵਿਧਾਇਕ ਕੁਲਵੰਤ ਸਿੰਘ ਨੂੰ 79 ਸੈਕਟਰ ਸਥਿਤ ਆਪ ਦੇ ਦਫਤਰ ਵਿਖੇ ਛੋਟੇ ਉਦਯੋਗਪਤੀਆਂ ਦਾ ਵਫ਼ਦ ਮਿਲਿਆ। ਛੋਟੇ ਉਦਯੋਗਪਤੀਆਂ ਦੀ ਤਰਫੋਂ ਉਦਯੋਗਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਦਯੋਗਪਤੀਆਂ ਨੂੰ ਆਪਣੇ ਧੰਦੇ ਦਾ ਵਿਸਥਾਰ ਕਰਨ ਦੇ ਲਈ ਅਤੇ ਆਪਣੇ ਵਪਾਰ ਦੀ ਲਗਾਤਾਰਤਾ ਬਹਾਲ ਰੱਖਣ ਦੇ ਲਈ ਰਿਆਇਤਾਂ ਦੇਣ ਦੀ ਵੀ ਅਪੀਲ ਕੀਤੀ। ਸੁਸਾਇਟੀ ਦੇ ਪ੍ਰਧਾਨ ਸੀ.ਪੀ.ਸਿੰਘ ਨੇ ਕਿਹਾ ਕਿ ਮੋਹਾਲੀ ਵਿਚਲੇ ਛੋਟੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਮੌਜੂਦਾ ਸਰਕਾਰ ਦੀ ਤਰਫ਼ੋਂ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਵਪਾਰੀ ਵਰਗ ਆਪਣੇ ਧੰਦਿਆਂ ਨੂੰ ਲਗਾਤਾਰ ਜਾਰੀ ਰੱਖ ਸਕੇ ਅਤੇ ਮਜ਼ਦੂਰਾਂ ਦਾ ਵੇਤਨ ਵੀ ਸਮੇਂ ਸਿਰ ਦੇਣ ਦੇ ਸਮਰੱਥ ਹੋ ਸਕੇ।ਮਹਿੰਗਾਈ ਦੇ ਚਲਦਿਆਂ ਜਿੱਥੇ ਕੱਚੇ ਮਾਲ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ, ਉਥੇ 2 ਵਰ੍ਹਿਆਂ ਦੇ ਕਰੀਬ ਦਾ ਸਮਾਂ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਕਾਲ ਵਿੱਚ ਲੰਘਦਿਆਂ ਉਦਯੋਗਪਤੀ ਖ਼ਾਸ ਕਰਕੇ ਛੋਟੇ ਉਦਯੋਗਾਂ ਨੂੰ ਵਧੇਰੇ ਨੁਕਸਾਨ ਹੋਇਆ ਹੈ ।ਜਿਸ ਕਾਰਨ ਛੋਟੇ ਉਦਯੋਗਪਤੀ ਆਰਥਿਕ ਮੰਦਹਾਲੀ ਦੀ ਦੋਹਰੀ ਮਾਰ ਝੇਲ ਰਹੇ ਹਨ ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸਮਾਲ ਇੰਡਸਟਰੀ ਸੁਸਾਇਟੀ ਦੇ ਅਹੁਦੇਦਾਰਾਂ ਦੀਆਂ ਮੰਗਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਬਤੌਰ ਮੇਅਰ ਆਪਣੇ ਕਾਰਜਕਾਲ ਵਿੱਚ ਉਦਯੋਗਪਤੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਭਨਾਂ ਸਮੱਸਿਆਵਾਂ ਦਾ ਹੱਲ ਸਾਰਥਿਕ ਰੂਪ ਵਿਚ ਕਰਨਗੇ ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਮੁਹਾਲੀ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਵੱਖ- ਵੱਖ ਵਰਗਾਂ ਨਾਲ ਸਬੰਧਤ ਲੋਕਾਂ ਵੱਲੋਂ ਅਤੇ ਵਿਸ਼ੇ ਮਾਹਰਾਂ ਵੱਲੋਂ ਬਜਟ ਸਬੰਧੀ ਸੁਝਾਅ ਲਏ ਗਏ ਹਨ ।ਜੋ ਕਿ ਘੱਟੋ ਘੱਟ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਦਫ਼ਾ ਹੈ ਕਿ ਕਿਸੇ ਸਟੇਟ ਦੇ ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਵਿੱਚ ਖੁਦ ਜਾ ਕੇ ਪ੍ਰਤੀਕਿਰਿਆ ਲਈ ਹੋਵੇ ਅਤੇ ਅਤੇ ਸੁਝਾਅ ਮੰਗੇ ਹਨ । ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਵਾਲੇ ਉਦਯੋਗਪਤੀਆਂ ਦੇ ਉੱਚ ਪੱਧਰੀ ਵਫ਼ਦ ਦੇ ਵਿਚ ਪ੍ਰਧਾਨ ਸੀ ਪੀ ਸਿੰਘ ਤੋਂ ਇਲਾਵਾ – ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ , ਮੀਤ ਪ੍ਰਧਾਨ ਜਗਤਾਰ ਸਿੰਘ ,ਜਨਰਲ ਸਕੱਤਰ – ਹਰਜੀਤ ਸਿੰਘ ,ਪ੍ਰੈੱਸ ਸੈਕਟਰੀ ਸੋਨੂ ਧੀਮਾਨ , ਜੁਆਇੰਟ ਸੈਕਟਰੀ ਸਹਿਦੇਵ ਸਿੰਘ ,ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ,ਕਾਰਜਕਾਰੀ ਮੈਂਬਰ ਪਵਨ ਗੁਲਾਟੀ ,ਕਾਰਜਕਾਰੀ ਵਿਨੋਦ ਕੁਮਾਰ ,ਸਲਾਹਕਾਰ ਭੁਪਿੰਦਰ ਸਿੰਘ ਅਤੇ ਮਗਨ ਲਾਲ ਮੈਂਬਰ
ਵੀ ਹਾਜ਼ਰ ਸਨ ।

Leave a Reply

Your email address will not be published. Required fields are marked *