Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ: ਚੰਡੀਗੜ ਗਰੁੱਪ ਆਫ਼ ਕਾਲਜਿਜ਼ (ਲਾਂਡਰਾਂ) ਇੱਕ ਵਾਰ ਫੇਰ ਆਰੋਪਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਕਾਲਜ ਦੀ ਮਨੇਜਮੈਂਟ ਤੇ ਇੱਕ ਵਿਦਿਆਰਥੀ ਦੇ ਮਾਪਿਆਂ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਆਰੋਪ ਲਗਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਹੋਸਟਲ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲੈਕੇ ਆਤਮਹੱਤਿਆ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਵਿਦਿਆਰਥੀ ਵੱਲੋਂ ਕੀਤੀ ਗਈ ਆਤਮਹੱਤਿਆ ਦੀ ਘਟਨਾ ਸਾਹਮਣੇ ਆਉਂਦਿਆਂ ਹੀ ਪੁਰੇ ਕੈਂਪਸ ਵਿੱਚ ਹੜਕੰਪ ਮਚ ਗਿਆ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਘਟਨਾ ਦੀ ਸਹੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਲਈ ਕੈਂਪਸ ਵਿਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੋਹਾਣਾ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਮੁਕੱਦਮਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਤਮ-ਹੱਤਿਆ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਚੰਡੀਗੜ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਸੋਹਾਣਾ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ ਗਰੁੱਪ ਆਫ਼ ਕਾਲਜਿਜ਼ ਦੇ ਪਿਛਲੇ ਪਛੋਕੜ ਤੇ ਝਾਤ ਮਾਰੀ ਜਾਵੇ ਤਾਂ ਇਸ ਗਰੁੱਪ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਇਸ ਪਹਿਲਾਂ ਵੀ ਕਾਲਜ ਪ੍ਰਬੰਧਕਾਂ ਤੇ ਕਈ ਗੰਭੀਰ ਅਰੋਪ ਲੱਗ ਚੁੱਕੇ ਹਨ। ਹਾਲਾਕਿ ਚੰਡੀਗੜ ਗਰੁੱਪ ਆਫ਼ ਕਾਲਜਿਜ਼ ਦੇ ਪ੍ਰਬੰਧਕਾਂ ਵੱਲੋਂ ਆਪਣੀ ਸੰਸਥਾ ਦਾ ਨਾਮ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਇਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਹਰ ਰੋਜ਼ ਕਾਲਜ ਕੈਂਪਸ ਵਿੱਚ ਆਨੇ ਬਹਾਨੇ ਬੁਲਾ ਕੇ ਲੋਕਲ ਪੁਲਿਸ ਤੇ ਪ੍ਰਸ਼ਾਸਨ ਉੱਪਰ ਆਪਣਾਂ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਆਪਣੀ ਉੱਚੀ ਪਹੁੰਚ ਦਾ ਨਜ਼ਾਰਾ ਲੋਕਲ ਪੁਲਸ ਨੂੰ ਵਿਖਾਇਆ ਜਾਂਦਾ ਹੈ। ਤਾਂ ਜੋ ਕਿਸੇ ਵੀ ਸਮੇਂ ਕਿਸੇ ਪੁਲਿਸ ਜਾ ਪ੍ਰਸ਼ਾਸਨ ਕੋਲ ਹੋਣ ਵਾਲੀਆਂ ਸ਼ਿਕਾਇਤਾਂ ਵਿੱਚ ਕਾਲਜ ਪ੍ਰਬੰਧਕਾਂ ਦੀ ਧੌਸ ਬਣੀਂ ਰਹੇ। ਤੁਹਾਨੂੰ ਇਸ ਕਾਲਜ ਦੇ ਪਿਛੋਕੜ ਬਾਰੇ ਇੱਕ ਹੋਰ ਗੱਲ ਦੱਸ ਦਈਏ ਕਿ ਇਹ ਉਹ ਕਾਲਜ ਹੈ ਜਿਸ ਵਿੱਚ ਵਾਰਡਨ ਵੱਲੋਂ ਹੋਸਟਲ ਵਿਚ ਰਹਿਣ ਵਾਲੇ ਨੌਜਵਾਨ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਜਿਸ ਸੰਬੰਧੀ ਮੁਕੱਦਮਾ ਦਰਜ ਕਰ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।