ਜੰਗੀ ਸ਼ਹੀਦਾਂ ਦੇ ਪਰਿਵਾਰਕ ਮੈਬਰਾਂ ਨੇ ਜੰਗੀ ਐਵਾਰਡ ਦੇ ਤੌਰ ਉੱਤੇ 10-10 ਏਕੜ ਜ਼ਮੀਨ ਦੇਣ ਦੀ ਕੀਤੀ ਮੰਗ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ :
ਜੰਗੀ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਵਰਿਸ਼ਾਂ ਨੇ ਪੰਜਾਬ ਸਰਕਾਰ ਤੋਂ ਆਰਥਕ ਮਦਦ ਲਈ ਅਪੀਲ। ਸਾਲ 1962/65/71 ਦੀਆਂ ਜੰਗਾਂ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਵਿਧਵਾਵਾਂ ਅਤੇ ਵਾਰਸਾਂ ਨੇ ਪੰਜਾਬ ਸਰਕਾਰ ਪਾਸੋਂ ਸ਼ਹੀਦਾਂ ਦੇ ਪਰਵਾਰ ਵਾਲਿਆਂ ਨੂੰ ਜੰਗੀ ਐਵਾਰਡ ਦੇ ਤੌਰ ਉੱਤੇ 10-10 ਏਕੜ ਜ਼ਮੀਨ ਦੇਣ ਦੀ ਮੰਗ ਕੀਤੀ ਹੈ।
ਵੀਰਵਾਰ ਨੂੰ ਪਿੰਡ ਸੋਹਾਣਾ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ
ਪੰਜਾਬ ਦੀਆਂ ਕਈ ਸਰਕਾਰਾਂ ਨੇ ਸਮੇਂ- ਸਮੇਂ ਸਿਰ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਵਾਰਿਸਾਂ ਨੂੰ 10 ਏਕੜ ਜ਼ਮੀਨ ਦੇਣ ਦੇ ਐਲਾਨ ਕੀਤੇ ਸੀ। ਬਹੁਤ ਸਾਰੇ ਪਰਿਵਾਰਾਂ ਨੂੰ ਜ਼ਮੀਨ ਅਲਾਟ ਕਰ ਦਿੱਤੀ ਸੀ ਪ੍ਰੰਤੂ ਕੁੱਝ ਪਰਿਵਾਰਾਂ ਨੂੰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਜ਼ਮੀਨ ਅਲਾਟ ਨਹੀਂ ਕੀਤੀ ਗਈ,ਜਿਨਾਂ ਦੇ ਵਿੱਚ ਅਜਿਹੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਖਿਆਂ 161 ਹੈ।
ਐਡਵੋਕੇਟ ਕਰਨੈਲ ਸਿੰਘ ਬੇਦਵਾਣ ਪ੍ਰਧਾਨ ਸ਼ਹੀਦ ਪਰਿਵਾਰ ਅਤੇ ਸਾਬਕਾ ਸਰਵਿਸਮੈਨ ਏਅਰਫੋਰਸ,ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਸ਼ਹੀਦ ਪਰਿਵਾਰਾਂ ਆਸ਼ਰਿਤਾਂ ਦੇ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਤਾਂ ਮਜਬੂਰ ਹੋ ਕੇ 11 ਅਪ੍ਰੈਲ 2016 ਨੂੰ ਪਟਿਆਲਾ ਡੀ.ਸੀ. ਆਫਿਸ ਤੇ ਧਰਨਾ ਲਾਇਆ। ਉਥੇ ਆਮ ਆਦਮੀ ਪਾਰਟੀ ਦੇ ਆਗੂ ਧਰਮਵੀਰ ਸਿੰਘ ਅਤੇ ਡਾ. ਬਲਵੀਰ ਸਿੰਘ ਐਮ.ਐਲ.ਏ. ਆਮ ਆਦਮੀ ਪਾਰਟੀ ਨੇ ਇਹ ਭਰੋਸਾ ਦਿਵਾਇਆ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਇਹ ਸ਼ਹੀਦ ਪਰਿਵਾਰਾਂ ਦੀ ਮਦਦ ਕਰਾਂਗੇ। ਜਦੋਂ ਸ਼ਹੀਦ ਪਰਿਵਾਰਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਅਸੀਂ ਧਰਨਾ ਪਟਿਆਲਾ ਤੋਂ ਤਬਦੀਲ ਕਰਕੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਤੇ ਲਗਾ ਦਿੱਤਾ ਸੀ। ਉਥੇ ਸਾਡਾ ਧਰਨਾ ਕਾਫੀ ਦੇਰ ਚੱਲਿਆ। ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ
ਨਾਲ ਮੀਟਿੰਗ ਹੋਈ ਉਸ ਵਿੱਚ ਇਹ ਗੱਲ ਕਿਨਾਰੇ ਤੇ ਲੱਗੀ ਕਿ ਸ਼ਹੀਦ ਪਰਿਵਾਰਾਂ ਨੂੰ ਅੱਜ ਦੀ ਘੜੀ 50 50 ਲੱਖ ਰੁਪਏ ਦੇ ਦਿੱਤੇ ਜਾਣ। ਇਹ ਰਕਮ ਸ਼ਹੀਦ ਪਰਿਵਾਰਾਂ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋ ਗਈ ਸੀ।ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਸਰਕਾਰ ਪਾਸ ਜ਼ਮੀਨ ਉਪਲਬਧ ਸੀ ਤਾਂ ਸ਼ਹੀਦ ਦੇ ਪਰਿਵਾਰਾਂ ਨੂੰ ਜ਼ਮੀਨ ਅਲਾਟ ਕਿਉਂ ਨਹੀਂ ਕੀਤੀ ਗਈ। ਸ਼ਹੀਦ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਰਾਸ਼ੀ ਦੇ ਕੇ ਮੂੰਹ ਕਿਉਂ ਚੋਪੜ ਦਿੱਤਾ ਗਿਆ। ਇਸ ਤਰ੍ਹਾਂ ਸਰਕਾਰ ਨੇ ਸ਼ਹੀਦ ਪਰਿਵਾਰਾਂ ਨਾਲ ਕੋਝਾ ਮਜਾਕ ਕੀਤਾ ਗਿਆ। ਜਦੋਂ ਅਸੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਇੱਕਲੇ-ਇੱਕਲੇ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਅਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸਰਕਾਰ ਆਈ ਤਾਂ ਉਹ ਸ਼ਹੀਦ ਪਰਿਵਾਰਾਂ ਦੇ ਵਾਰਿਸਾਂ ਨੂੰ 1-1 ਕਰੋੜ ਰੁਪਏ ਦੇਣਗੇ। ਪ੍ਰੰਤੂ ਕਾਂਗਰਸ ਸਰਕਾਰ 5 ਸਾਲ ਰਹੀ ਅਤੇ ਉਹਨਾਂ ਨੇ ਸਾਡੀ ਬਾਂਹ ਨਹੀਂ ਫੜੀ।
ਉਨ੍ਹਾਂ ਦੱਸਿਆ ਕਿ ਦਿੱਲ੍ਹੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੋਣਾਂ ਦੌਰਾਨ ਜਲਸਿਆਂ ਵਿੱਚ ਇਹ ਵਾਅਦਾ ਕੀਤਾ ਸੀ ਕਿ ਜੰਗੀ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਵਾਂਗੇ। ਪ੍ਰੰਤੂ ਆਮ ਆਦਮੀ ਸਰਕਾਰ ਨੇ ਸ਼ਹੀਦ ਪਰਿਵਾਰਾਂ ਨੂੰ ਕੁੱਝ ਨਹੀਂ ਦਿੱਤਾ। ਆਮ ਆਦਮੀ ਸਰਕਾਰ ਨੇ ਕੇਵਲ ਮੌਜੂਦਾ ਜੰਗੀ ਸ਼ਹੀਦਾਂ ਅਤੇ ਪੁਲਿਸ ਦੇ ਨੌਜਵਾਨਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦੇਣੀ ਪ੍ਰਵਾਨ ਕੀਤੀ ਗਈ। ਅਸੀਂ ਜੰਗੀ ਸ਼ਹੀਦਾਂ ਦੇ ਵਾਰਿਸ ਆਪ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਕੇਸ ਇਹਨਾਂ ਨਾਲੋਂ ਵੱਖਰਾ ਹੈ ਕਿ ਕਿਉਂਕਿ ਅਸੀਂ ਤਾਂ ਸਾਲ 1962, 1965 ਅਤੇ 1971 ਦੀਆਂ ਜੰਗਾ ਤੋਂ ਪੀੜਤ ਪਰਿਵਾਰ ਹਾਂ। ਇਸ ਲਈ ਸਾਨੂੰ ਸਾਲ 1976 ਤੋਂ ਨਿਰਧਾਰਿਤ ਕੀਤੀ ਪਾਲਸੀ ਅਨੁਸਾਰ 10 ਏਕੜ ਪ੍ਰਤੀ ਪਰਿਵਾਰ ਜ਼ਮੀਨ ਅਲਾਟ ਕੀਤੀ ਜਾਵੇ।
ਪਰ ਹੁਣ ਸੱਤਾ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦਾ ਦੇ ਪਰਿਵਾਰਾਂ ਨੂੰ ਇੱਕ ਕਰੋੜ ਦੀ ਗਰੇਸ਼ੀਆਂ ਗਰਾਂਟ ਤੇ ਪਰਿਵਾਰ ਦੇ ਇਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਜੰਗੀ ਸ਼ਹੀਦ ਪਰਿਵਾਰਾਂ ਤੇ ਉਨ੍ਹਾਂ ਦੇ ਵਾਰਿਸਾਂ ਨਵੀਂ ਉਮੀਦ ਜਗੀ ਹੈ,ਕਿ ਸਰਕਾਰ ਇੰਨਾ ਪਰਿਵਾਰਾਂ ਮਦਦ ਲਈ ਵੀ ਕੋਈ ਅਹਿਮ ਫੈਸਲਾ ਲਵੇਗੀ।ਸਰਕਾਰ ਨੇ ਜੋ ਸਰਕਾਰੀ ਜ਼ਮੀਨਾਂ ਖਾਲੀ ਕਾਰਵਾਈਆਂ ਹਨ ਅਤੇ ਉਹ ਅਸਾਨੀ ਨਾਲ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਅਲਾਟ ਹੋ ਸਕਦੀਆਂ ਹਨ। ਇਸ ਲਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਸਾਡੇ ਇਸ ਕੇਸ ਤੇ ਅਸਰਦਾਰ ਢੰਗ ਨਾਲ ਕਾਰਵਾਈ ਕਰਕੇ 10-10 ਏਕੜ ਪ੍ਰਤੀ ਸ਼ਹੀਦ ਪਰਿਵਾਰ ਦੇ ਵਾਰਿਸਾਂ ਨੂੰ ਜ਼ਮੀਨ ਅਲਾਟ ਕੀਤੀ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਕਾਕਾ,ਇੰਦਰਜੀਤ ਲਾਂਡਰਾਂ, ਹਰਨੇਕ ਸਿੰਘ ਕੰਡਾਲਾ, ਕਰਨੈਲ ਸਿੰਘ, ਸੁਰਜੀਤ ਕੌਰ ਅਲਹੌਰਾਂ ਖੁਰਦ,
ਹਰਨੇਕ ਸਿੰਘ ਆਗਾਪੁਰ,ਸਮੇਤ ਸ਼ਹੀਦ ਪਰਿਵਾਰਾਂ ਦੇ ਕਈ ਮੈਂਬਰ ਹਾਜਿਰ ਸਨ।

Leave a Reply

Your email address will not be published. Required fields are marked *