
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈਂ। ਪ੍ਰੰਤੂ ਅੱਜ ਵੀ ਭੂ-ਮਾਫ਼ੀਆ ਵੱਲੋਂ ਲਗਾਤਾਰ ਮੁਹਾਲੀ ਦੇ ਨਾਲ ਲਗਦੇ ਪਿੰਡ ਬਲੌਂਗੀ,ਝਾਮਪੁਰ,ਬਹਿਲੋਲਪੁਰ, ਬੜ ਮਾਜਰਾ ਅਤੇ ਜੁਝਾਰ ਨਗਰ ਪਿੰਡਾਂ ਦੀ ਖੇਤੀ ਵਾਲੀ ਜ਼ਮੀਨਾਂ ਤੇ ਅਣਅਧਿਕਾਰਤ ਕਲੋਨੀਆਂ ਲਗਾਤਾਰ ਬਦਸਤੂਰ ਵਿਕਸਤ ਹੋ ਰਹੀਆਂ ਹਨ। ਇਕ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਅਤੇ ਹੋਰ ਜ਼ਮੀਨਾਂ ਤੇ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਹਰ ਰੋਜ਼ ਕਬਜ਼ਾ ਧਾਰੀਆਂ ਤੋਂ ਕਬਜ਼ੇ ਖਾਲੀ ਕਰਵਾਏ ਜਾ ਰਹੇ ਹਨ। ਪਰ ਮੋਹਾਲੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਵਾਹੀ ਯੋਗ ਜ਼ਮੀਨ ਤੇ ਨਜਾਇਜ਼ ਕਲੋਨੀਆਂ ਬਣਾਉਣ ਵਾਲੇ ਇਹਨਾਂ ਵੱਡੇ ਘਰਾਨਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਇਹਨਾਂ ਕਾਲੋਨਾਈਜ਼ਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੋ ਰਹੇ ਹਨ ਅਤੇ ਇਹ ਲੋਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਲੋਨੀਆਂ ਬਣਾਉਣ ਲਈ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਨੂੰ ਛਿੱਕੇ ਟੰਗ ਹਰ ਰੋਜ਼ ਨਵੀਆਂ ਨਵੀਆਂ ਕਲੋਨੀਆਂ ਬਣਾ ਕੇ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਹੋਈ ਪੂੰਜੀ ਤੇ ਡਾਕੇ ਮਾਰ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਹੀ ਯੋਗ ਜ਼ਮੀਨ ਵਿੱਚ ਕਲੋਨੀਆਂ ਬਣਾਉਣ ਦਾ ਗੋਰਖ ਧੰਦਾ ਸਿਆਸੀ ਸ਼ਹਿ ਅਤੇ ਅਫਸਰਸ਼ਾਹੀ ਦੇ ਰਹਿਮੋ ਕਰਮ ਨਾਲ ਦਿਨ ਪ੍ਰਤੀ ਦਿਨ ਪ੍ਰਫੁੱਲਤ ਹੋ ਰਿਹਾ ਹੈ। ਕਿਉਂਕਿ ਇਹਨਾਂ ਨਜਾਇਜ਼ ਕਲੋਨੀਆਂ ਵਿੱਚ ਪਲਾਂਟ ਜਾਂ ਮਕਾਨ ਲੈਣ ਵਾਲੇ ਭੋਲੇ ਭਾਲੇ ਲੋਕ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਪਲਾਂਟ ਵੇਚੇ ਜਾਂਦੇ ਹਨ। ਇਥੋਂ ਤੱਕ ਕਿ ਪਲਾਂਟ ਲੈਣ ਵਾਲੇ ਵਿਅਕਤੀ ਨੂੰ ਕਲੌਨਾਇਜਰ ਵੱਲੋਂ ਸਰਕਾਰੀ ਬਾਬੂਆਂ ਨਾਲ ਮਿਲੀਭੁਗਤ ਕਾਰਨ ਪਲਾਂਟ ਸਬੰਧੀ ਲਗਭਗ ਹਰ ਤਰ੍ਹਾਂ ਦੇ ਸਰਕਾਰੀ ਕਾਗਜ਼ਾਤ ਵੀ ਮੁਹਈਆ ਕਰਵਾਏ ਜਾਂਦੇ ਹਨ। ਇਸ ਇੱਕ ਤਾਜ਼ਾ ਉਦਾਹਰਣ ਹਲਕਾ ਮੋਹਾਲੀ ਵਿੱਚ ਪੈਂਦੇ ਪਿੰਡ ਬਲੌਂਗੀ ਦੇ ਸੈਣੀ ਮੁਹੱਲੇ ਵਿੱਚ ਕੰਪਾਸ ਬਿਲਡਰ ਵੱਲੋਂ ਵਾਹੀ ਯੋਗ ਜ਼ਮੀਨ ਵਿੱਚ ਪ੍ਰਸ਼ਾਸਨ ਵੱਲੋਂ ਕਲੋਨੀ ਬਣਾਉਣ ਲਈ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਨਜਾਇਜ਼ ਉਸਾਰੀਆਂ ਸ਼ਰੇਆਮ ਕੀਤੀਆਂ ਜਾ ਰਹੀਆਂ ਹਨ। ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਲੌਂਗੀ ਵਿਖੇ ਸੈਣੀ ਮੁਹੱਲੇ ਵਿੱਚ ਹੋ ਰਹੀ ਨਜਾਇਜ਼ ਉਸਾਰੀ ਤੇ ਏਸੀਏ ਗਮਾਡਾ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਪ੍ਰੰਤੂ ਨਜਾਇਜ਼ ਕਲੋਨੀਆਂ ਉਸਾਰਣ ਵਾਲੇ ਕਾਲੋਨਾਈਜ਼ਰਾਂ ਨੂੰ ਜਦੋ ਤੱਕ ਗਮਾਡਾ ਨੋਟਿਸ ਭੇਜਣ ਦੀ ਕਾਰਵਾਈ ਅਮਲ ਵਿੱਚ ਲਿਉਂਦਾ ਹੈ।ਉਸ ਸਮੇਂ ਤੱਕ ਇਹ ਨਜਾਇਜ਼ ਉਸਾਰੀਆਂ ਬਣ ਕੇ ਤਿਆਰ ਹੋ ਜਾਂਦੀਆ ਹਨ। ਹੁਣ ਦੇਖਣਾ ਹੋਵੇਗਾ ਕਿ ਗਮਾਡਾ ਕਦੋਂ ਤੱਕ ਆਪਣੀ ਕਾਰਵਾਈ ਅਮਲ ਵਿੱਚ ਲਿਉਂਦਾ ਹੈ।