ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਤਕਰੀਬਨ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਨ੍ਹਾਂ ਚਾਰ ਮਹੀਨਿਆਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦਾ ਖਜ਼ਾਨਾ ਭਰਨ ਲਈ ਕਈ ਬਚਤ ਕਰਨ ਦੇ ਫੈਸਲੇ ਲਏ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਰੋਜ਼ ਪੰਜਾਬ ਦੇ ਲੋਕਾਂ ਨੂੰ ਇਹ ਦਾਅਵੇ ਕੀਤੇ ਜਾ ਰਹੇ ਹਨ ਕੀ ਪੰਜਾਬ ਸਰਕਾਰ ਵੱਲੋਂ ਲੱਏ ਗਏ ਫੈਸਲੇ ਆਮ ਜਨਤਾ ਦੀ ਭਲਾਈ ਲਈ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਸੈਸ਼ਨ ਦੌਰਾਨ ਸਦਨ ਵਿੱਚ ਖਰਚੇ ਘਟਾਉਣ ਲਈ ਪੇਪਰ ਲੈਸ ਬਜਟ ਪੇਸ਼ ਕਰਕੇ ਕੇ ਮਿਸਲ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਦੂਜੇ ਪਾਸੇ ਆਪਣੀ ਸਰਕਾਰ ਦੀ ਝੂਠੀ ਵਾਹ-ਵਾਹ ਖੱਟਣ ਲਈ ਬਚਤ ਤੋ ਦੁਗਣੇ ਪੈਸਿਆਂ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤੇ ਗਏ। ਹੋਰ ਤਾਂ ਹੋਰ ਪੰਜਾਬ ਵਿਤ ਮੰਤਰੀ ਵੱਲੋਂ ਬਜ਼ਟ ਪੰਜਾਬ ਦਾ ਪਾਸ ਕੀਤਾ ਪਰੰਤੂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਇਸ਼ਤਿਹਾਰ ਗੁਜਰਾਤ, ਹਿਮਾਚਲ ਦੀਆਂ ਅਖ਼ਬਾਰਾਂ ਵਿਚ ਦੇ ਦਿਤੇ ਗਏ। ਪੰਜਾਬ ਸਰਕਾਰ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਪੇਪਰ ਲੈਸ ਬਜਟ ਪੇਸ਼ ਕਰਨ ਦੀ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾਉਣ ਲਈ ਕਿਹਾ ਗਿਆ ਕਿ ਇਸ ਨਾਲ ਪੰਜਾਬ ਸਰਕਾਰ ਨੂੰ ਸਲਾਨਾ 21 ਲੱਖ ਰੁਪਏ ਦੀ ਬਚਤ ਹੋਵੇਗੀ। ਪਰ ਇਸ ਦੇ ਉਲਟ ਸਰਕਾਰ ਨੇ ਬੱਚਤ ਤਾਂ ਕੀ ਕਰਨੀ ਸੀ ਸਗੋਂ ਇਸ ਬਜਟ ਦੀ ਫੋਕੀ ਵਾਹ ਵਾਹੀ ਖੱਟਣ ਲਈ ਤਕਰੀਬਨ 45 ਲੱਖ ਰੁਪਏ ਦੇ ਇਸ਼ਤਿਹਾਰ ਵੱਡੇ ਮੀਡੀਆ ਘਰਾਣਿਆਂ ਨੂੰ ਦੇ ਦਿੱਤੇ ਗਏ। ਕੀ ਇਹ ਪੰਜਾਬ ਦੀ ਜਨਤਾ ਦੇ ਟੇਕਸ ਰੁਪੈ ਪੈਸਿਆਂ ਦਾ ਬੋਝ ਨਹੀਂ ਹੈ? ਇਕ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦੂਸਰੀ ਪਾਰਟੀਆਂ ਦੇ ਆਗੂਆਂ ਤੇ ਇਹ ਇਲਜਾਮ ਲਗਾ ਰਹੇ ਹਨ ਕਿ ਉਨ੍ਹਾਂ ਵੱਲੋਂ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਜੇਕਰ ਕੋਈ ਹੁਣ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੁੱਛੇ ਕਿ 21 ਲੱਖ ਦੀ ਬੱਚਤ ਕਰ ਉਸ ਦੇ ਪ੍ਰਚਾਰ ਲਈ 45 ਲੱਖ ਰੁਪਿਆ ਖਰਚ ਕਰਨਾ ਕਿੱਥੋਂ ਤੱਕ ਜਾਇਜ਼ ਹੈ।ਉਹ ਵੀ ਉਹਨਾਂ ਹਾਲਾਤਾਂ ਵਿੱਚ ਜਦੋਂ ਪੰਜਾਬ ਦੇ ਸੀਰ ਕਈ ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੋਵੇ।