ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਊਸਿੰਗ ਅਤੇ ਪਬਲਿਕ ਰਿਲੇਸ਼ਨ ਮੰਤਰੀ ਅਮਨ ਅਰੋੜਾ ਨੂੰ ਪੱਤਰ ਲਿਖ ਕੇ ਮੁਹਾਲੀ ਵਿਚ ਇਕ ਪ੍ਰੈੱਸ ਕਲੱਬ ਲਈ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਇੱਕ ਆਧੁਨਿਕ ਪ੍ਰੈੱਸ ਕਲੱਬ ਮੌਜੂਦਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਹਾਊਸਿੰਗ ਮੰਤਰਾਲਾ ਅਤੇ ਪਬਲਿਕ ਰਿਲੇਸ਼ਨ ਦਾ ਮੰਤਰਾਲਾ ਇੱਕੋ ਮੰਤਰੀ ਨੂੰ ਮਿਲਿਆ ਹੈ ਜਿਸ ਦਾ  ਪੂਰਾ ਲਾਭ ਮੁਹਾਲੀ ਦੇ ਪੱਤਰਕਾਰਾਂ ਨੂੰ ਮਿਲਣਾ ਚਾਹੀਦਾ ਹੈ।ਆਪਣੇ ਪੱਤਰ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਦਾ ਵਿਸਤਾਰ ਬਹੁਤ ਵਧ ਚੁੱਕਾ ਹੈ ਅਤੇ ਇਸ ਨੂੰ ਪੰਜਾਬ  ਦੀ ਮਿੰਨੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਜਿਥੇ ਪੰਜਾਬ ਸਰਕਾਰ ਦੇ ਕਈ ਅਹਿਮ ਵਿਭਾਗਾਂ ਦੇ ਹੈੱਡਕੁਆਰਟਰ ਸਥਾਪਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਜਦੋਂ ਕਿ ਪੱਤਰਕਾਰਾਂ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿ ਮੁਹਾਲੀ ਵਿੱਚ ਇਕ ਪ੍ਰੈੱਸ ਕਲੱਬ ਲਈ ਜਗ੍ਹਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਥੇ ਪੱਤਰਕਾਰਾਂ ਦਾ ਇਕ ਪੱਕਾ ਟਿਕਾਣਾ ਨਾ ਹੋਣ ਕਾਰਨ ਇਲੈਕਟ੍ਰੋਨਿਕ ਮੀਡੀਆ  ਅਤੇ ਪ੍ਰਿੰਟ ਮੀਡੀਆ ਦੇ ਉਨ੍ਹਾਂ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਥਾਂ ਥਾਂ ਧੱਕੇ ਖਾਣੇ ਪੈਂਦੇ ਹਨ ਜਿਨ੍ਹਾਂ ਕੋਲ ਆਪਣੇ ਦਫਤਰ ਨਹੀਂ ਹਨ ਅਤੇ ਦੂਜੇ ਪਾਸੇ ਸਿਆਸੀ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਹੋਰਨਾਂ ਲੋਕਾਂ ਨੂੰ ਪੱਤਰਕਾਰ ਸੰਮੇਲਨ ਕਰਨ ਵਾਸਤੇ ਚੰਡੀਗੜ੍ਹ ਵੱਲ ਵੇਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਪੱਤਰਕਾਰ ਹੀ ਮੁਹਾਲੀ ਦੇ ਬਾਰੇ ਬਿਹਤਰ ਜਾਣਦੇ ਹਨ ਜਦੋਂ ਕਿ ਚੰਡੀਗਡ਼੍ਹ ਵਿਚ ਪੱਤਰਕਾਰ ਸੰਮੇਲਨ ਹੋਣ ਤੇ ਮੁਹਾਲੀ ਦੇ ਪੱਤਰਕਾਰ ਉੱਥੇ ਨਹੀਂ ਜਾਂਦੇ ਅਤੇ ਕਈਆਂ ਵਾਸਤੇ ਚੰਡੀਗਡ਼੍ਹ ਵਿੱਚ ਪੱਤਰਕਾਰ ਸੰਮੇਲਨ ਕਰਨਾ ਵਿੱਤੋਂ ਬਾਹਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਹ ਪਿਛਲੇ 30-32 ਸਾਲਾਂ ਤੋਂ ਮੁਹਾਲੀ ਵਿੱਚ ਸਰਗਰਮ ਸਿਆਸੀ ਭੂਮਿਕਾ ਅਦਾ ਕਰ ਰਹੇ ਹਨ, ਪੱਤਰਕਾਰਾਂ ਨਾਲ ਉਨ੍ਹਾਂ ਦਾ ਰੋਜ਼ ਦਾ ਵਾਹ ਹੈ ਅਤੇ ਉਹ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਭਲੀ ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਆਪਣੀ ਕੋਈ ਪੱਕੀ ਥਾਂ ਨਾ ਹੋਣ ਕਾਰਨ ਨਗਰ ਨਿਗਮ ਅਜਿਹੀ ਕੋਈ ਜਗ੍ਹਾ ਪ੍ਰੈੱਸ ਕਲੱਬ ਵਾਸਤੇ ਅਲਾਟ ਨਹੀਂ ਕਰ ਸਕਦੀ ਅਤੇ ਜੇਕਰ ਕੋਈ ਕਮਿਊਨਟੀ ਸੈਂਟਰ ਦਾ ਕਮਰਾ ਪ੍ਰੈੱਸ ਕਲੱਬ ਲਈ ਦੇ ਵੀ ਦਿੱਤਾ ਜਾਵੇ ਤਾਂ ਉਹ ਪੱਤਰਕਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ।ਉਨ੍ਹਾਂ ਹਾਊਸਿੰਗ ਮੰਤਰੀ ਅਤੇ ਪਬਲਿਕ ਰਿਲੇਸ਼ਨ ਮੰਤਰੀ ਅਮਨ ਅਰੋੜਾ ਨੂੰ ਬੇਨਤੀ ਕੀਤੀ ਕਿ ਨਾ ਸਿਰਫ ਪੱਤਰਕਾਰਾਂ ਵਾਸਤੇ ਪ੍ਰੈੱਸ ਕਲੱਬ ਲਈ ਜਗ੍ਹਾ ਅਲਾਟ ਕੀਤੀ ਜਾਵੇ  ਸਗੋਂ ਨਵੀਂ ਤਕਨਾਲੋਜੀ ਨਾਲ ਲੈਸ ਪ੍ਰੈੱਸ ਕਲੱਬ ਦੀ ਉਸਾਰੀ ਕਰਕੇ ਦਿੱਤੀ ਜਾਵੇ  ਤਾਂ ਜੋ ਪੱਤਰਕਾਰਾਂ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ ਇਸ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਇਸ ਦਾ ਪੂਰਾ ਫ਼ਾਇਦਾ ਹਾਸਲ ਹੋ ਸਕੇ।

Leave a Reply

Your email address will not be published. Required fields are marked *