ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਅਧਿਕਾਰੀਆਂ ਅਤੇ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਵਿਚਲੇ  ਸਾਰੇ ਕਮਿਊਨਿਟੀ ਸੈਂਟਰਾਂ ਨੂੰ ਰੀ-ਪਲਾਨ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਇਨ੍ਹਾਂ ਦੀ ਮੁੜ ਉਸਾਰੀ ਕੀਤੀ ਜਾਵੇ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੁਹਾਲੀ ਦੇ ਫੇਜ਼ 11, ਫੇਜ਼ 7, ਸੈਕਟਰ 70, ਸੈਕਟਰ 71,  ਫੇਜ਼ 5, ਫੇਜ਼ 6, ਫੇਜ਼ 1, ਫੇਜ਼ 2 ਆਦਿ ਵਿਚ ਗਮਾਡਾ ਵਲੋਂ ਕਮਿਊਨਟੀ ਸੈਂਟਰ ਬਣਾਏ ਗਏ ਸਨ ਜੋ ਕਿ ਨਗਰ ਨਿਗਮ ਮੋਹਾਲੀ ਨੂੰ  ਸੌਂਪੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫੇਜ਼ 3 ਬੀ 1 ਦਾ  ਕਮਿਊਨਿਟੀ ਸੈਂਟਰ ਬਾਅਦ ਵਿਚ ਨਗਰ ਨਿਗਮ ਅਧੀਨ ਆਇਆ ਕਿਉਂਕਿ ਇੱਥੇ ਅਦਾਲਤ ਚਲਦੀ ਸੀ ਅਤੇ ਇਸ ਕਮਿਊਨਿਟੀ ਸੈਂਟਰ ਨੂੰ ਪੂਰਾ ਢਾਹ ਕੇ ਨਗਰ ਨਿਗਮ ਵੱਲੋਂ ਆਪਣੇ ਪੈਸੇ ਖਰਚ ਕੇ ਬਿਲਕੁਲ ਆਧੁਨਿਕ ਰੂਪ ਵਿੱਚ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦਾ ਕੋਈ ਵੀ ਵਿੱਤੀ ਵਸੀਲਾ ਨਾ ਹੋਣ ਕਰਕੇ  ਨਗਰ ਨਿਗਮ ਦੀ ਪੂਰੀ ਆਮਦਨ ਮੋਟੇ ਤੌਰ ਤੇ ਪ੍ਰਾਪਰਟੀ ਟੈਕਸ ਤੋਂ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਨਗਰ ਨਿਗਮ ਦਾ ਕੰਮ ਸਫ਼ਾਈ ਪ੍ਰਬੰਧਾਂ, ਸਟਰੀਟ ਲਾਈਟਾਂ ਦੇ ਰੱਖ ਰਖਾਓ ਤਕ ਮੁੱਖ ਤੌਰ ਤੇ ਸੀਮਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ  ਸ਼ੁਰੂਆਤੀ ਕੰਮ ਭਾਵੇਂ ਉਹ ਸੜਕਾਂ ਦਾ ਹੋਵੇ ਭਾਵੇਂ ਬਿਲਡਿੰਗਾਂ ਦੀ ਉਸਾਰੀ ਦਾ ਹੋਵੇ ਗਮਾਡਾ ਵੱਲੋਂ ਹੀ ਕੀਤਾ ਜਾਂਦਾ  ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਹਾਲੀ ਵਿਚ ਪ੍ਰਾਪਰਟੀ ਨਾਲ ਲੈਣ ਦੇਣ ਸਬੰਧੀ ਸਾਰੇ ਟੈਕਸ, ਨਕਸ਼ੇ ਪਾਸ ਕਰਨ ਦਾ ਖਰਚਾ, ਖਾਲੀ ਪਏ ਪਲਾਟਾਂ ਦੀ ਐਕਸਟੈਂਸ਼ਨ ਫੀਸ, ਟਰਾਂਸਫਰ ਫੀਸਾਂ, ਅਲਾਟਮੈਂਟ ਆਦਿ  ਗਮਾਡਾ ਵਲੋਂ ਹੀ ਕੀਤਾ ਜਾਂਦਾ ਹੈ  ਅਤੇ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਜ਼ਿੰਮੇਵਾਰੀ ਵੀ ਗਮਾਡਾ ਦੀ ਹੀ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਵਿਚਲੇ ਕੰਢੀ ਸੈਂਟਰਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ  ਕੋਰੋਨਾ ਵਿਚ ਇਹ ਕਮਿਊਨਿਟੀ ਸੈਂਟਰ ਪੂਰੀ ਤਰ੍ਹਾਂ ਬੰਦ ਰਹੇ ਜਿਸ ਕਾਰਨ ਇਨ੍ਹਾਂ ਦੀ ਹਾਲਤ ਤਰਸਯੋਗ ਬਣ ਗਈ ਹੈ ਅਤੇ ਇਨ੍ਹਾਂ ਲਈ ਗਮਾਡਾ ਦੀ ਰੀ ਪਲਾਨਿੰਗ ਕਰੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗਮਾਡਾ ਨੇ ਸ਼ਹਿਰ ਦਾ ਵਿਸਥਾਰ ਤਾਂ ਬਹੁਤ ਕੀਤਾ ਹੈ ਪਰ ਨਵੇਂ ਸੈਕਟਰਾਂ ਵਿੱਚ ਕੋਈ ਕਮਿਊਨਟੀ ਸੈਂਟਰ ਨਹੀਂ ਬਣਾਏ ਗਏ। ਉਨ੍ਹਾਂ ਗਮਾਡਾ ਮੰਤਰੀ ਅਤੇ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਇਹ ਵੀ ਮੰਗ ਕੀਤੀ ਹੈ ਕਿ ਨਵੇਂ ਸੈਕਟਰਾਂ ਵਿੱਚ ਆਧੁਨਿਕ ਸਹੂਲਤਾਂ ਵਾਲੇ ਕਮਿਊਨਿਟੀ ਸੈਂਟਰ ਬਣਾ ਕੇ  ਲੋਕਾਂ ਨੂੰ ਦਿੱਤੇ ਜਾਣ।ਉਨ੍ਹਾਂ ਕਿਹਾ ਕਿ ਆਪਣੀ ਇਸ ਜ਼ਿੰਮੇਵਾਰੀ ਨੂੰ ਭੁਗਤਾਉਂਦੇ ਹੋਏ ਗਮਾਡਾ ਮੁਹਾਲੀ ਵਿਚਲੇ ਕਮਿਊਨਿਟੀ ਸੈਂਟਰਾਂ ਨੂੰ ਮੁੜ ਉਸਾਰੇ  ਅਤੇ ਇਨ੍ਹਾਂ ਨੂੰ ਆਧੁਨਿਕ ਅਤੇ ਸਮੇਂ ਦਾ ਹਾਣੀ ਬਣਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਪੂਰਾ ਲਾਭ ਮਿਲ ਸਕੇ  ਅਤੇ ਉਨ੍ਹਾਂ ਨੂੰ ਮਹਿੰਗੇ ਮੈਰਿਜ ਪੈਲੇਸਾਂ ਵੱਲ ਰੁਖ਼ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋਡ਼ ਹੈ ਅਤੇ ਗਮਾਡਾ ਨੂੰ ਆਪਣੀ ਇਸ ਜ਼ਿੰਮੇਵਾਰੀ ਨੂੰ ਫੌਰੀ ਤੌਰ ਤੇ ਪੂਰਾ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *