
ਮੋਹਾਲੀ (ਬਿਊਰੋ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਫੇਜ਼ 3ਬੀ2 ਅਤੇ ਫੇਜ਼ 5 ਵਿਚ ਮਾਰਕੀਟਾਂ ਵਿਚ ਲੱਗੀਆਂ ਫੈਂਸੀ ਲਾਈਟਾਂ ਚਾਲੂ ਹੋਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਦੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਮੁਹਾਲੀ ਨਗਰ ਨਿਗਮ ਵੱਲੋਂ ਕਈ ਮਹੀਨਿਆਂ ਪਹਿਲਾਂ ਲਗਾਈਆਂ ਗਈਆਂ ਫੈਂਸੀ ਲਾਈਟਾਂ ਮਾਰਕੀਟਾਂ ਦੀਆਂ ਸੁੰਦਰਤਾ ਨੂੰ ਵਧਾਉਣ ਵਾਸਤੇ ਸੀ ਪਰ ਬਿਜਲੀ ਵਿਭਾਗ ਵੱਲੋਂ ਮੀਟਰ ਅਲਾਟ ਨਾ ਹੋਣ ਕਾਰਨ ਇਹ ਲਾਈਟਾਂ ਨਹੀਂ ਸੀ ਜਗ ਸਕੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਿਜਲੀ ਦੇ ਮੀਟਰ ਮਿਲਣੇ ਲੋਕਾਂ ਲਈ ਔਖੇ ਹੋਏ ਪਏ ਹਨ ਜਿਸ ਲਈ ਨਾ ਸਿਰਫ਼ ਨਗਰ ਨਿਗਮ ਦਾ ਇਹ ਕੰਮ ਲਮਕਿਆ ਹੈ ਸਗੋਂ ਆਮ ਲੋਕ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਇਹ ਫੈਂਸੀ ਲਾਈਟਾਂ ਨਾ ਸਿਰਫ਼ ਰੋਸ਼ਨੀ ਕਰਕੇ ਹੀ ਲਗਾਈਆਂ ਗਈਆਂ ਹਨ, ਸਗੋਂ ਮਾਰਕੀਟਾਂ ਦੀ ਦਿੱਖ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਗਾਈਆਂ ਗਈਆਂ ਹਨ ਅਤੇ ਭਾਵੇਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਭਾਵੇਂ ਦਿੱਲੀ ਏਅਰਪੋਰਟ ਦੀ ਗੱਲ ਕੀਤੀ ਜਾਵੇ ਜਾਂ ਹੋਰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਅਜਿਹੀਆਂ ਹੈਰੀਟੇਜ ਵਾਲੀਆਂ ਵਧੀਆ ਦਿੱਖ ਪ੍ਰਦਾਨ ਕਰਦੀਆਂ ਲਾਈਟਾਂ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਇਸ ਸਮੇਂ ਅੰਤਰਰਾਸ਼ਟਰੀ ਨਕਸ਼ੇ ਦਾ ਪ੍ਰਮੁੱਖ ਸ਼ਹਿਰ ਹੈ ਅਤੇ ਇਸ ਦੀ ਸੁੰਦਰਤਾ ਵਧਾਉਣ ਲਈ ਨਗਰ ਨਿਗਮ ਹਰ ਸੰਭਵ ਉਪਰਾਲਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਿੱਥੋਂ ਤਕ ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਦੇ ਬਿਆਨ ਦੀ ਗੱਲ ਹੈ ਤਾਂ ਯੂਨੀਫੌਰਮਿਟੀ ਵਾਸਤੇ ਇਕ ਤਰ੍ਹਾਂ ਦੀਆਂ ਲਾਈਟਾਂ ਹੀ ਚੰਗੀਆਂ ਲੱਗਦੀਆਂ ਹਨ ਤੇ ਇਸ ਵਾਸਤੇ ਸਾਰੀਆਂ ਮਾਰਕੀਟਾਂ ਵਿੱਚ ਇੱਕੋ ਵਰਗੀਆਂ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸੜਕਾਂ ਉਤੇ ਸਟਰੀਟ ਲਾਈਟਾਂ ਵੀ ਲੱਗੀਆਂ ਹੁੰਦੀਆਂ ਹਨ ਫਿਰ ਵੀ ਅਸੀਂ ਘਰਾਂ ਦੇ ਬਾਹਰ ਸੋਹਣੀਆਂ ਡਿਜ਼ਾਈਨਰ ਲਾਈਟਾਂ ਲਗਾਉਂਦੇ ਹਾਂ ਤਾਂ ਕਿ ਸਾਡੇ ਘਰ ਨੂੰ ਵਧੀਆ ਦਿੱਖ ਮਿਲ ਸਕੇ। ਇਸੇ ਤਰ੍ਹਾਂ ਮੁਹਾਲੀ ਸ਼ਹਿਰ ਨੂੰ ਵਧੀਆ ਦਿੱਖ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਕੰਮ ਪੂਰਾ ਹੈ ਅਤੇ ਜਿਵੇਂ ਹੀ ਬਿਜਲੀ ਵਿਭਾਗ ਵੱਲੋਂ ਮੀਟਰ ਅਲਾਟ ਕੀਤੇ ਜਾਂਦੇ ਹਨ ਇਹ ਲਾਈਟਾਂ ਚਾਲੂ ਹੋ ਜਾਣਗੀਆਂ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਮੁਹਾਲੀ ਦੀਆਂ ਸਮੁੱਚੀਆਂ ਮਾਰਕੀਟਾਂ ਵਿਚ ਲੱਗੀਆਂ ਇਹ ਲਾਈਟਾਂ ਸ਼ੁਰੂ ਹੋ ਜਾਣਗੀਆਂ।