
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਤੋਂ ਦਿੱਲੀ ਨੂੰ ਆਰੰਭ ਹੋਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਮੋਹਾਲੀ ਵਿਖੇ ਸਟਾਪ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਇਹ ਟ੍ਰੇਨ ਊਨਾ ਤੋਂ ਦਿੱਲੀ ਤੱਕ ਚੱਲਣੀ ਹੈ ਅਤੇ ਇਸਦਾ ਸਟਾਪ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਚੰਡੀਗੜ੍ਹ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਵਸਿਆ ਹੋਇਆ ਸ਼ਹਿਰ ਹੈ ਅਤੇ ਇੱਥੇ ਏਅਰਪੋਰਟ ਹੋਣ ਦੇ ਨਾਲ ਨਾਲ ਵੱਡੇ ਪੱਧਰ ਤੇ ਉਦਯੋਗ ਵੀ ਹਨ। ਉਨ੍ਹਾਂ ਕਿਹਾ ਕਿ ਏਅਰ ਪੋਰਟ ਇੱਥੇ ਹੋਣ ਦੇ ਕਾਰਨ ਹਿਮਾਚਲ ਦੇ ਲੋਕਾਂ ਨੂੰ ਵੀ ਮੋਹਾਲੀ ਵਿਚ ਸਟਾਪ ਮਿਲਣ ਨਾਲ ਭਾਰੀ ਲਾਭ ਮਿਲੇਗਾ ਅਤੇ ਇਸ ਨਾਲ ਵਪਾਰ ਤੇ ਉਦਯੋਗਾਂ ਨੂੰ ਵੀ ਗਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਦੇ ਚਹੁੰ ਪਾਸੇ ਵੱਡੀ ਗਿਣਤੀ ਵਿੱਚ ਪਰਵਾਸੀ ਵਸੇ ਹੋਏ ਹਨ ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿਚ ਵਾਪਸ ਜਾਣਾ ਹੁੰਦਾ ਹੈ ਅਤੇ ਫਿਰ ਆਪਣੇ ਕੰਮਾਂ ਕਾਰਾਂ ਵਾਸਤੇ ਵਾਪਸ ਆਉਣਾ ਹੁੰਦਾ ਹੈ ਤਾਂ ਉਨ੍ਹਾਂ ਵਾਸਤੇ ਵੀ ਇਹ ਟ੍ਰੇਨ ਜੇਕਰ ਮੁਹਾਲੀ ਵਿੱਚ ਰੁਕਦੀ ਹੈ ਤਾਂ ਇਸ ਦਾ ਉਨ੍ਹਾਂ ਨੂੰ ਭਾਰੀ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਦਿੱਲੀ ਦੇ ਨਾਲ ਗੁੜਗਾਵਾਂ ਵਿਖੇ ਮੋਹਾਲੀ ਤੋਂ ਵੱਡੀ ਗਿਣਤੀ ਬੱਚੇ ਕੰਮਕਾਰ ਕਰ ਰਹੇ ਹਨ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਵਾਪਸ ਆਉਂਦੇ ਹਨ ਤੇ ਵਾਪਸ ਆਪਣੇ ਕੰਮ ਤੇ ਜਾਂਦੇ ਹਨ ਤਾਂ ਉਨ੍ਹਾਂ ਵਾਸਤੇ ਵੀ ਇਸ ਟ੍ਰੇਨ ਦਾ ਮੁਹਾਲੀ ਵਿੱਚ ਸਟਾਪ ਬਹੁਤ ਲਾਭ ਦੇਵੇਗਾ।
ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਵਿਚ ਪਹਿਲਾਂ ਹੀ ਬਹੁਤ ਟਰੇਨਾਂ ਆਉਂਦੀਆਂ ਜਾਂਦੀਆਂ ਹਨ ਅਤੇ ਇਹ ਇੱਥੇ ਕਈ ਟਰੇਨਾਂ ਦਾ ਸਟਾਪ ਵੀ ਹੈ ਪਰ ਮੁਹਾਲੀ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਅੱਜ ਇਸ ਟ੍ਰੇਨ ਦਾ ਸ਼ੁਭ ਆਰੰਭ ਕਰਨ ਜਾ ਰਹੇ ਹਨ ਤਾਂ ਨਾਲ ਹੀ ਇਸ ਨੂੰ ਮੋਹਾਲੀ ਵਿਖੇ ਵੀ ਵੱਖਰਾ ਸਟਾਪ ਦਿੱਤਾ ਜਾਵੇ ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਲਾਭ ਹਾਸਲ ਹੋਵੇਗਾ।