ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਪੀਸੀਏ ਸਟੇਡੀਅਮ ਦੇ ਸਾਹਮਣੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਤਲੇ ਸਾਡ਼ੇ।

ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੀਸੀਏ ਵਿੱਚ ਜ਼ਬਰਦਸਤ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇੱਥੇ ਪੀਸੀਏ ਵਿੱਚ ਹੋਏ ਮੈਚ ਦੌਰਾਨ ਟਿਕਟਾਂ ਦੀ ਅੰਨ੍ਹੀ ਬਲੈਕ ਕੀਤੀ ਗਈ ਜਿਸ ਵਾਸਤੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਜ਼ਿੰਮੇਵਾਰ ਹਨ।

ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਪਰੋਕਤ ਦੋਸ਼ ਉਹ ਨਹੀਂ ਲਗਾ ਰਹੇ ਸਗੋਂ ਆਮ ਆਦਮੀ ਪਾਰਟੀ ਦੇ ਹੀ ਸੰਸਦ ਮੈਂਬਰ ਹਰਭਜਨ ਸਿੰਘ ਲਗਾ ਰਹੇ ਹਨ ਜੋ ਕਿ ਖ਼ੁਦ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟਰ ਹਨ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਤੁਰੰਤ ਅਹੁਦੇ ਤੋਂ ਲਾਹਿਆ ਜਾਵੇ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੀਸੀਏ ਵਿੱਚ ਨਵੇਂ ਭਰਤੀ ਕੀਤੇ ਜਾ ਰਹੇ 150 ਮੈਂਬਰਾਂ ਤੇ ਵੀ ਰੋਕ ਲਗਾਈ ਜਾਵੇ ਅਤੇ ਇਸ ਦੀ ਵੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਪੱਤਰ ਵੀ ਲਿਖਿਆ ਹੈ ਅਤੇ ਗੁਲਜ਼ਾਰ ਇੰਦਰ ਸਿੰਘ ਚਾਹਲ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪਰਵਿੰਦਰ ਸਿੰਘ ਸੋਹਾਣਾ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਮੈਚ ਦੌਰਾਨ ਪਹਿਲਾਂ ਵਾਂਗ ਚੁਣੇ ਹੋਏ ਨੁਮਾਇੰਦਿਆਂ, ਨਗਰ ਨਿਗਮ ਦੇ ਕੌਂਸਲਰਾਂ ਤੱਕ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਨਾਮਾਤਰ ਟਿਕਟਾਂ ਹੀ ਦਿੱਤੀਆਂ ਗਈਆਂ ਅਤੇ ਬਾਕੀ ਸਾਰੀਆਂ ਟਿਕਟਾਂ ਦੀ ਬਲੈਕ ਕਰ ਦਿੱਤੀ ਗਈ

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਅਕਾਲੀ ਦਲ ਦੇ ਅਗਲੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਅਨੁਸਾਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਇਸ ਮੌਕੇ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੀਸੀਏ ਦੇ ਪ੍ਰਧਾਨ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸੰਯੋਜਕ ਕੇਜਰੀਵਾਲ ਦਾ ਪੁਤਲਾ ਸਾਡ਼ਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਕਾਲੇਵਾਲ, ਹਰਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਲਖਨੌਰ, ਕਮਲਜੀਤ ਸਿੰਘ ਬੜੀ, ਗੁਰਪ੍ਰਤਾਪ ਸਿੰਘ ਬੜੀ ਕਰਮਜੀਤ ਸਿੰਘ ਮੌਲੀ ਬੈਦਵਾਣ, ਅਮਨ ਪੂਨੀਆਂ, ਹਰਸ਼ ਸਰਵਾਰਾ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਤਨਪ੍ਰੀਤ ਸਿੰਘ ਬਾਵਾ, ਬੀਬੀ ਅਮਨ ਲੂਥਰਾ, ਗੁਰਪ੍ਰੀਤ ਸਿੰਘ ਸਿੱਧੂ, ਜਸਪਾਲ ਸਿੰਘ ਮੋਹਾਲੀ, ਨਾਹਰ ਸਿੰਘ ਮਦਨਪੁਰ, ਸਰਬਜੀਤ ਸਿੰਘ ਗੋਲਡੀ, ਸਵਿੰਦਰ ਸਿੰਘ ਲੱਖੋਵਾਲ, ਜਗਦੀਸ ਸਿੰਘ ਸਰਾਉ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *