Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮੋਹਾਲੀ ਪੁਲਿਸ ਨੇ ਬੰਬੀਹਾ ਗੈਂਗ ਦੇ ਸਰਗਨਾ ਗੁਰਪ੍ਰੀਤ ਗੋਪੀ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਨਿਵਾਸੀ ਬਹਿਡਾਲੀ ਅਤੇ ਗੌਤਮ ਕੁਰਾਲੀ ਦੇ ਤੌਰ ’ਤੇ ਹੋਈ ਹੈ। ਇਨ੍ਹਾਂ ਲੁਟੇਰਿਆਂ ਪਾਸੋਂ ਪੁਲਿਸ ਨੂੰ ਸੱਤ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ।ਇਸ ਸਬੰਧੀ ਐੱਸਐੱਸਪੀ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੀਆਈਏ ਇੰਚਾਰਜ ਸ਼ਿਵ ਕੁਮਾਰ ਅਤੇ ਐੱਸਐੱਚਓ ਘੜੂੰਆਂ ਨੇ ਬੰਬੀਹਾ ਗੈਂਗ ਦੇ ਵਿਦੇਸ਼ ’ਚ ਬੈਠੇ ਗੁਰਪ੍ਰੀਤ ਗੋਪੀ ਲਈ ਕੰਮ ਕਰਨ ਵਾਲੇ ਗੁਰਜੰਟ ਜੰਟਾ ਦੀ ਨਿਸ਼ਾਨਦੇਹੀ ’ਤੇ ਦੋ ਗੁਰਗਿਆਂ ਗੁਰੀ ਤੇ ਗੌਤਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੰਟਾ ਮੋਰਿੰਡਾ ਦਾ ਰਹਿਣ ਵਾਲਾ ਹੈ। ਗੋਪੀ ਦੇ ਗੁਰਗੇ ਗੁਰਜੰਟ ਨੇ ਜਨਵਰੀ ਮਹੀਨੇ ਆਪਣੇ ਅਧੀਨ ਗੁਰਗਿਆਂ ਨਾਲ ਮਿਲ ਕੇ ਯੂਨੀਵਰਸਿਟੀ ਦੇ ਸਾਹਮਣਿਓਂ ਬਰੀਜਾ ਕਾਰ ਖੋਹੀ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਜੰਟਾ ਦੇ ਸਾਥੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਹੋਇਆ ਹੈ ਤੇ ਜੰਟਾ ਭਗੌੜਾ ਤੁਰਿਆ ਫਿਰਦਾ ਸੀ। ਇਸ ਤੋਂ ਇਲਾਵਾ ਜੰਟੇ ਨੇ ਇਕ ਹੋਰ ਗੁਰਗੇ ਨਾਲ ਮਿਲ ਕੇ ਹਿਮਾਚਲ ਦੇ ਨਾਲਾਗੜ੍ਹ ਕੋਰਟ ਕੰਪਲੈਕਸ ’ਚ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਡਵਾਉਣ ਲਈ ਫ਼ਾਇਰਿੰਗ ਕੀਤੀ ਤੇ ਖਿਸਕ ਗਏ ਸਨ। ਜੰਟੇ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਕਾਬੂ ਕੀਤਾ ਸੀ ਜਿਸ ਨੂੰ ਟਰਾਂਜੀਟ ਰਿਮਾਂਡ ’ਤੇ ਲਿਆਂਦਾ ਗਿਆ ਸੀ। ਰਿਮਾਂਡ ਦੌਰਾਨ ਜੰਟੇ ਕੋਲੋਂ ਪੁਲਿਸ ਨੂੰ ਪੰਜ ਪਿਸਤੌਲ ਬਰਾਮਦ ਹੋਏ ਹਨ ਤੇ ਇਸ ਦੀ ਨਿਸ਼ਾਨਦੇਹੀ ’ਤੇ ਦੋ ਗੁਰਗਿਆਂ ਗੁਰੀ ਤੇ ਗੌਤਮ ਨੂੰ ਕਾਬੂ ਕੀਤਾ ਗਿਆ ਹੈ। ਇਹ ਦੋਵੇਂ ਗੁਰਗੇ, ਜੰਟੇ ਦੇ ਕਰੀਬੀ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਲੁੱਟ ਖੋਹ ਦੇ ਮੁਕੱਦਮੇ ਦਰਜ ਹਨ।