
ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੁਹਾਲੀ ਵਿਚਲੇ ਖੇਡ ਸਟੇਡੀਅਮ ਫੌਰੀ ਤੌਰ ਤੇ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਇਹ ਖੇਡ ਸਟੇਡੀਅਮ ਅਤੇ ਹੁਣ ਕਰੋੜਾਂ ਰੁਪਏ ਖਰਚ ਕਰਕੇ ਮੁੜ ਰੈਨੋਵੇਟ ਕੀਤੇ ਖੇਡ ਸਟੇਡੀਅਮ ਨਾ ਖੋਲ੍ਹੇ ਤਾਂ ਉਹ ਗਮਾਡਾ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ ਜਿਸ ਦੇ ਜ਼ਿੰਮੇਵਾਰ ਗਮਾਡਾ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਹੋਵੇਗੀ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਹੁਤ ਹੀ ਬਦਕਿਸਮਤ ਗੱਲ ਹੈ ਕਿ ਡੇਢ ਸਾਲ ਤੋਂ ਵੱਧ ਦਾ ਵਕਫਾ ਬੀਤ ਚੁੱਕਿਆ ਹੈ ਅਤੇ ਮੋਹਾਲੀ ਦੇ ਕਈ ਖੇਡ ਸਟੇਡੀਅਮ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਸਟੇਡੀਅਮਾਂ ਦੀ ਰੈਨੋਵੇਸ਼ਨ ਲਈ ਕਰੋੜਾਂ ਰੁਪਏ ਗਮਾਡਾ ਵੱਲੋਂ ਪਿਛਲੇ ਦਿਨੀਂ ਖਰਚ ਕੀਤੇ ਗਏ ਹਨ ਅਤੇ ਇਸ ਤੋਂ ਬਾਅਦ ਵੀ ਖੇਡ ਸਟੇਡੀਅਮ ਬੰਦ ਹੋਣ ਕਾਰਨ ਇਹ ਕਰੋੜਾਂ ਰੁਪਏ ਮਿੱਟੀ ਹੋ ਰਹੇ ਹਨ ਅਤੇ ਸਟੇਡੀਅਮਾਂ ਦੀ ਮੁਡ਼ ਦੁਰਦਸ਼ਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਗਮਾਡਾ ਮੋਹਾਲੀ ਦੇ ਲੋਕਾਂ ਤੋਂ ਪ੍ਰਾਪਰਟੀ ਦੀ ਖਰੀਦੋ ਫਰੋਖਤ, ਨਕਸ਼ੇ ਪਾਸ ਕਰਵਾਉਣ, ਐੱਨ ਓ ਸੀ ਲੈਣ ਖਾਲੀ ਪਏ ਪਲਾਟਾਂ ਤੱਕ ਦੇ ਕਰੋੜਾਂ ਰੁਪਏ ਵਸੂਲਦਾ ਹੈ ਪਰ ਸਹੂਲਤਾਂ ਦੇ ਨਾਂ ਤੇ ਕਾਣੀ ਕੌਡੀ ਵੀ ਖਰਚਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਹ ਖੇਡ ਸਟੇਡੀਅਮ ਲੈਣ ਵਾਸਤੇ ਤਿਆਰ ਹੋ ਗਈ ਸੀ ਪਰ ਨਗਰ ਨਿਗਮ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਇਹ ਯੋਜਨਾ ਨੇਪਰੇ ਨਹੀਂ ਚੜ੍ਹ ਸਕੀ।
ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲਾਂ ਵੀ ਇਹ ਖੇਡ ਸਟੇਡੀਅਮ ਠੇਕੇ ਤੇ ਦੇ ਕੇ ਮੁਹਾਲੀ ਦੇ ਲੋਕਾਂ ਨਾਲ ਧੋਖਾ ਹੀ ਕੀਤਾ ਸੀ ਅਤੇ ਠੇਕੇਦਾਰ ਤਾਂ ਕਰੋੜਾਂ ਰੁਪਏ ਕਮਾ ਕੇ ਲਾਂਭੇ ਹੋ ਗਏ ਪਰ ਸਟੇਡੀਅਮਾਂ ਦਾ ਬੇੜਾ ਗਰਕ ਕਰ ਗਏ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਹੁਣ ਗਮਾਡਾ ਇਹ ਖੇਡ ਸਟੇਡੀਅਮ ਆਪਣੇ ਪੱਧਰ ਤੇ ਚਲਾਵੇ ਸਗੋਂ ਮੁਹਾਲੀ ਦੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹਈਆ ਕਰਾਵੇ ਕਿਉਂਕਿ ਗਮਾਡਾ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਮਾਂਬੱਧ ਢੰਗ ਨਾਲ ਇਹ ਖੇਡ ਸਟੇਡੀਅਮ ਆਰੰਭ ਨਾ ਕੀਤੇ ਗਏ ਤਾਂ ਉਹ ਗਮਾਡਾ ਅਧਿਕਾਰੀਆਂ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।