ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈ:- ਮੋਹਾਲੀ ਦੇ ਫੇਜ਼ 3 ਬੀ 1 ਵਿੱਚੋਂ ਸਰਕਾਰੀ ਡਿਸਪੈਂਸਰੀ (ਕਮਿਊਨਿਟੀ ਹੈਲਥ ਸੈਂਟਰ) ਨੂੰ ਸੰਤੇਮਾਜਰਾ ਸ਼ਿਫਟ ਕਰਨ ਦਾ ਇਲਾਕੇ ਦੇ ਵਾਸੀਆਂ ਅਤੇ ਖਾਸ ਤੌਰ ਤੇ ਸੀਨੀਅਰ ਸਿਟੀਜ਼ਨਾਂ ਨੇ ਭਾਰੀ ਰੋਸ ਜਤਾਇਆ ਹੈ। ਅੱਜ ਖਾਸ ਤੌਰ ਤੇ ਇਲਾਕੇ ਦੇ ਸੀਨੀਅਰ ਸਿਟੀਜ਼ਨਾਂ ਤੇ ਹੋਰ ਵਸਨੀਕਾਂ ਨੇ ਇੱਥੇ ਰੋਸ ਮਾਰਚ ਕੀਤਾ ਅਤੇ ਧਰਨਾ ਦਿੱਤਾ। ਇੱਥੋਂ ਦੇ ਸੀਨੀਅਰ ਸਿਟੀਜ਼ਨਾਂ ਨੇ ਕਿਹਾ ਕਿ ਭਾਵੇਂ ਇਸ ਡਿਸਪੈਂਸਰੀ ਵਾਲੀ ਜਗ੍ਹਾ ਵਿੱਚ ਲਿਵਰ ਅਤੇ ਬਾਈਲਰੀ ਸਾਇੰਸਜ਼ ਦਾ ਹੈੱਡਕੁਆਰਟਰ ਬਣਾਇਆ ਜਾ ਰਿਹਾ ਹੈ ਪਰ ਇੱਥੋਂ ਡਿਸਪੈਂਸਰੀ ਨੂੰ ਤਬਦੀਲ ਕਰਨਾ ਸਰਾਸਰ ਇਲਾਕੇ ਦੇ ਲੋਕਾਂ ਨਾਲ ਧੱਕਾ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ ਧੋਖਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸੀਨੀਅਰ ਸਿਟੀਜ਼ਨ ਇੱਥੇ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਸਨ ਅਤੇ ਇੱਥੇ ਕਈ ਤਰ੍ਹਾਂ ਦੇ ਟੈਸਟਾਂ ਤੋਂ ਇਲਾਵਾ ਦਵਾਈਆਂ ਵੀ ਮਿਲਦੀਆਂ ਸਨ ਅਤੇ ਮਾਹਿਰ ਡਾਕਟਰ ਮਰੀਜ਼ਾਂ ਨੂੰ ਵੇਖਦੇ ਅਤੇ ਇਲਾਜ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇੱਥੋਂ ਕਮਿਊਨਿਟੀ ਹੈਲਥ ਸੈਂਟਰ ਨੂੰ ਸੰਤੇ ਮਾਜਰਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਦਾ ਨਾ ਤਾਂ ਉਨ੍ਹਾਂ ਨੂੰ ਰਸਤਾ ਹੀ ਪਤਾ ਹੈ ਅਤੇ ਨਾ ਹੀ ਉਹ ਉੱਥੇ ਤੱਕ ਪੁੱਜ ਸਕਦੇ ਹਨ ਕਿਉਂਕਿ ਇਹ ਇਲਾਕਾ ਮੋਹਾਲੀ ਤੋਂ ਕਾਫੀ ਦੂਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ ਫੁਰਮਾਨ ਕਾਰਨ ਹੁਣ ਉਨ੍ਹਾਂ ਨੂੰ ਮਹਿੰਗੇ ਪ੍ਰਾਈਵੇਟ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜੋ ਲੀਵਰ ਅਤੇ ਬਾਈਲਰੀ ਇੰਸਟੀਚਿਊਟ ਦਾ ਹੈੱਡਕੁਆਰਟਰ ਤੇ ਬਣਾਇਆ ਗਿਆ ਹੈ ਉਸ ਦੇ ਨਾਲ ਦੀ ਬਿਲਡਿੰਗ ਵਿਚ ਹੀ ਕਮਿਊਨਟੀ ਹੈਲਥ ਸੈਂਟਰ ਨੂੰ ਤਬਦੀਲ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਰੂਲਣ ਵਾਸਤੇ ਛੱਡ ਦਿੱਤਾ ਗਿਆ ਹੈ।