
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਜਦੋਂ ਕਿ ਲਗਭਗ 2 ਕਰੋੜ ਰੁਪਏ ਦੇ ਨਵੇਂ ਐਸਟੀਮੇਟ ਪਾਸ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ, ਐਸ ਈ ਨਰੇਸ਼ ਬੱਤਾ, ਮੈਂਬਰ ਕੌਸਲਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਵਿਸ਼ੇਸ਼ ਤੌਰ ਤੇ ਹਾਜਰ ਸਨ।
ਮੀਟਿੰਗ ਵਿਚ ਮੁੱਖ ਤੌਰ ਤੇ ਜਿਨ੍ਹਾਂ ਮਹੱਤਵਪੂਰਨ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਹਨ, ਉਹਨਾਂ ਵਿੱਚ ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਸੜਕਾਂ ਉਤੇ ਪ੍ਰੀਮਿਕਸ ਪਾਉਣ ਦੇ ਕੰਮ, ਸਪਾਈਸ ਚੌਂਕ ਤੋਂ ਏਅਰਪੋਰਟ ਰੋਡ ਤੱਕ ਸਾਈਕਲ ਟਰੈਕ ਦੀ ਉਸਾਰੀ, ਫੇਜ਼ 5 ਵਿਚ ਕਲਿਆਣ ਜਵੈਲਰ ਵਾਲੀ ਮਾਰਕੀਟ ਦੀ ਪਾਰਕਿੰਗ ਦੇ ਹੇਠਾਂ ਸਟਾਰਮ ਵਾਟਰ ਦੀਆਂ ਪਾਈਪਾਂ ਪਾਉਣ ਉਪਰੰਤ ਪ੍ਰੀਮਿਕਸ ਪਾਉਣ, ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਵਿੱਚ ਵਾਟਰ ਕੂਲਰ ਲਗਾਉਣ, ਵੱਖ ਵੱਖ ਵਾਰਡਾਂ ਵਿਚ ਨੰਬਰ ਪਲੇਟਾਂ ਲਗਾਉਣ, ਪਬਲਿਕ ਟਾਈਲਟਾਂ ਦੇ ਰੱਖ-ਰਖਾਓ ਦੇ ਕੰਮ ਸਮੇਤ ਵੱਖ-ਵੱਖ ਵਾਰਡਾਂ ਵਿੱਚ ਹੋਰਨਾ ਵਿਕਾਸ ਕਾਰਜਾਂ ਦੇ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਹਨ।ਇਹੀ ਨਹੀਂ ਮੀਟਿੰਗ ਵਿੱਚ ਇਸ ਤੋਂ ਇਲਾਵਾ ਮੁਹਾਲੀ ਵਿੱਚ ਆਉਂਦੇ ਸਮੇਂ ਦੌਰਾਨ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਲਈ ਦੋ ਕਰੋੜ ਦੇ ਐਸਟੀਮੇਟ ਵੀ ਪਾਸ ਕੀਤੇ ਗਏ ਹਨ।ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿਧੂ ਨੇ ਕਿਹਾ ਕੇ ਮੋਹਾਲੀ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਦੇ ਕਮੀ ਨਹੀਂ ਆਉਣ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਦੇ ਨਾਲ-ਨਾਲ ਸਮੁੱਚੇ ਮੁਹਾਲੀ ਵਿੱਚ ਪੂਰੀ ਇਕਸਾਰਤਾ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਲਗਾਤਾਰਤਾ ਵਿੱਚ ਜਾਰੀ ਰਹਿਣਗੇ।