ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਸਥਾਨਕ ਸਰਕਾਰ ਮੰਤਰੀ ਨੂੰ ਪੱਤਰ ਮੋਹਾਲੀ ਨਗਰ ਨਿਗਮ ਨੂੰ ਫ਼ੌਰੀ ਤੌਰ ਤੇ ਗ੍ਰਾਂਟ ਦੇਣ ਦੀ ਕੀਤੀ ਬੇਨਤੀ ਜੀ 20 ਅਤੇ ਪੰਜਾਬ ਨਿਵੇਸ਼ ਸਮਿਟ ਦੀਆਂ ਤਿਆਰੀਆਂ ਲਈ ਕੀਤੀ ਫੰਡਾਂ ਦੀ ਮੰਗ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰ ਬੀਰ ਸਿੰਘ ਨਿੱਝਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਆਉਂਦੇ ਸਮੇਂ ਵਿਚ ਜੀ 20 ਅਤੇ ਪੰਜਾਬ ਨਿਵੇਸ਼ ਸਮਿਟ ਨੂੰ ਮੁੱਖ ਰੱਖਦੇ ਹੋਏ ਮੁਹਾਲੀ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਵਾਸਤੇ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਦੀ ਇਹ ਜ਼ਿੰਮੇਵਾਰੀ ਹੈ ਕਿ ਇਹਨਾਂ ਪ੍ਰਮੁੱਖ ਸਮਾਗਮਾਂ ਲਈ ਸ਼ਹਿਰ ਵਿਚ ਰੱਖ-ਰਖਾਓ ਕਰਨ ਅਤੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੋਹਾਲੀ ਨਗਰ ਨਿਗਮ- ਪੂਰੀ ਤਨਦੇਹੀ ਨਾਲ ਇਨ੍ਹਾਂ ਕਾਰਜਾਂ ਵਿੱਚ ਜੁਟੀ ਹੋਈ ਹੈ ਪਰ ਮੁਹਾਲੀ ਨਗਰ ਨਿਗਮ ਕੋਲ ਮੌਜੂਦਾ ਸਮੇਂ ਫੰਡਾਂ ਦੀ ਬਹੁਤ ਵੱਡੀ ਘਾਟ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਨਗਰ ਨਿਗਮ ਦੇ ਸਰਕਾਰ ਵੱਲ ਕਰੋੜਾਂ ਰੁਪਏ ਬਕਾਇਆ ਪਏ ਹਨ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਰਕਾਰ ਵੱਲ ਸਿਰਫ ਜੀਐਸਟੀ ਦੇ ਹੀ ਨਗਰ ਨਿਗਮ ਦੇ 18 ਕਰੋੜ ਦੇ ਲਗਭਗ ਬਕਾਇਆ ਪਏ ਹਨ ਅਤੇ ਇਸੇ ਤਰ੍ਹਾਂ ਹੋਰਨਾ ਸਰਕਾਰੀ ਵਿਭਾਗਾਂ ਵੱਲ ਵੀ ਨਗਰ ਨਿਗਮ ਦੇ ਕਰੋੜਾਂ ਰੁਪਏ ਬਕਾਇਆ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਅਤੇ ਕੁਝ ਹੋਰ ਛੋਟੇ-ਮੋਟੇ ਆਮਦਨ ਦੇ ਸਰੋਤਾਂ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਕੋਲ ਕੋਈ ਸਰੋਤ ਨਹੀਂ ਹੈ। ਉਨਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰ ਬੀਰ ਸਿੰਘ ਨਿੱਝਰ ਨੂੰ ਬੇਨਤੀ ਕੀਤੀ ਕਿ ਮੁਹਾਲੀ ਨਗਰ ਨਿਗਮ ਨੂੰ ਫ਼ੌਰੀ ਤੌਰ ਤੇ ਗਰਾਂਟ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਆਉਂਦੇ ਵਿਸ਼ੇਸ਼ ਸਮਾਗਮ ਵਾਸਤੇ ਹੋਰ ਵੀ ਵੱਧ ਚੜ੍ਹ ਕੇ ਉਪਰਾਲੇ ਕੀਤੇ ਜਾ ਸਕਣ।