
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣਾ ਕਾਰਜਭਾਰ ਸੰਭਾਲਦੇ ਸਾਰ ਆਪਣੀ ਟੀਮ ਦੇ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਅਰੰਭ ਕਰ ਦਿੱਤੀ ਹੈ। ਇਸ ਦੇ ਤਹਿਤ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੌਂਸਲਰ ਬਲਜੀਤ ਕੌਰ ਦੇ ਵਾਰਡ ਨੰਬਰ 7 ਵਿਖੇ ਪੁੱਜ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਾਜ਼ਵੇਅ ਦੇ ਕੰਮ ਦੀ ਨਜ਼ਰਸਾਨੀ ਕੀਤੀ। ਇਸ ਮੌਕੇ ਸਿੰਘ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਵਾਰਡ ਦੀ ਕੌਂਸਲਰ ਬਲਜੀਤ ਕੌਰ ਤੋਂ ਇਲਾਵਾ ਵਿਕਟਰ ਨਿਹੋਲਕਾ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਸਥਾਨ ਤੇ ਸੜਕ ਜ਼ਿਆਦਾ ਉਚਾਈ ਤੇ ਹੋਣ ਕਾਰਨ ਬਰਸਾਤੀ ਪਾਣੀ ਫੇਜ਼-5 ਦੇ ਮਕਾਨਾਂ ਅੰਦਰ ਦਾਖਲ ਹੁੰਦਾ ਸੀ ਜਿਸ ਨਾਲ ਬਹੁਤ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਦੇ ਪੱਕੇ ਹੱਲ ਲਈ ਸੜਕ ਨੂੰ ਜੋੜ ਕੇ ਬਣਾਇਆ ਗਿਆ ਅਤੇ ਅੱਗੇ ਤੋਰਨ ਲਈ ਕੰਕਰੀਟ ਦਾ ਕਾਜ਼ਵੇਅ ਬਣਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਜ਼ਵੇਅ ਦੇ ਨਿਰਮਾਣ ਵਾਸਤੇ 60 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਇਸੇ ਤਰ੍ਹਾਂ ਆਪਣੀ ਟੀਮ ਦੇ ਨਾਲ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਚੱਲਦੇ ਕਾਰਜਾਂ ਦੀ ਨਜ਼ਰਸਾਨੀ ਕਰਨਗੇ ਤਾਂ ਜੋ ਸਮੇਂ ਸਿਰ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇਗੀ ਉਥੇ ਨਵੇਂ ਵਿਕਾਸ ਕਾਰਜ ਅਰੰਭ ਕਰਵਾਏ ਜਾਣਗੇ।ਇਸ ਮੌਕੇ ਇਲਾਕੇ ਦੀ ਕੌਂਸਲਰ ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਮੇਅਰ ਜੀਤੀ ਸਿੱਧੂ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਜ਼ਵੇਅ ਦੀ ਉਸਾਰੀ ਨਾਲ ਮੋਹਾਲੀ ਦੇ ਫੇਜ਼-5 ਦੇ ਵਸਨੀਕਾਂ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੱਕੇ ਤੌਰ ਤੇ ਹੱਲ ਹੋ ਜਾਵੇਗੀ। ਉਹਨਾਂ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਪਣੇ ਵਾਰਡ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਉਣਗੇ ਅਤੇ ਹੁਣ ਇਹ ਵਾਅਦਾ ਪੂਰਾ ਹੋ ਰਿਹਾ ਹੈ।