ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਚਾਈਨਾ ਡੋਰ ਉੱਤੇ ਕਾਬੂ ਇਹ ਵਿਚ ਸਫ਼ਲ ਨਹੀਂ ਹੋ ਪਾ ਰਹੀ ਉਹ ਪੰਜਾਬ ਭਰ ਵਿਚ ਫੈਲੇ ਨਸ਼ਿਆਂ ਤੇ ਕੀ ਕਾਬੂ ਪਾਵੇਗੀ।ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਰੋਜ਼ਾਨਾ ਚਾਈਨਾ ਡੋਰ ਦੇ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੁੰਦੇ ਹਨ ਅਤੇ ਇਸ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਚਾਈਨਾ ਡੋਰ ਤੇ ਪਾਬੰਦੀ ਲਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਚਾਈਨਾ ਡੋਰ ਕਾਰਨ ਜ਼ਖ਼ਮੀ ਹੋਣ ਵਾਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਹੀ ਇਸ ਦੀ ਵਿਕਰੀ ਉਤੇ ਕੋਈ ਪਾਬੰਦੀ ਲੱਗ ਸਕੇਗੀ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਵਿਚ ਗਲੀ ਗਲੀ ਵਿਚ ਨਸ਼ਿਆਂ ਦਾ ਕਾਰੋਬਾਰ ਫੈਲਿਆ ਹੋਇਆ ਹੈ। ਨੌਜਵਾਨ ਤੇ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਚੁੱਕੇ ਹਨ। ਕਈ ਘਰਾਂ ਵਿੱਚ ਤਾਂ ਸਾਰੇ ਹੀ ਮਰਦ ਨਸ਼ੇ ਦੇ ਗੁਲਾਮ ਹੋ ਕੇ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਗੰਭੀਰਤਾ ਨਾਲ ਇਹਨਾਂ ਦੋਹਾਂ ਮਸਲਿਆਂ ਤੋਂ ਨਿਪਟਣ ਲਈ ਨਹੀਂ ਕਰਦੀ ਕਾਇਨਾ ਸਮੱਸਿਆਵਾਂ ਨੇ ਹੋਰ ਵੀ ਵਿਕ੍ਰਾਲ ਰੂਪ ਧਾਰਨ ਕਰ ਲੈਣਾ ਹੈ ਜਿਸ ਤੋਂ ਪਾਰ ਪਾਉਣਾ ਸਰਕਾਰ ਲਈ ਅਸੰਭਵ ਹੋ ਜਾਵੇਗਾ ਇਸ ਕਰਕੇ ਸਰਕਾਰ ਇਸ ਪਾਸੇ ਫੌਰੀ ਤੌਰ ਤੇ ਧਿਆਨ ਦੇਵੇ।