ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੋਂ ਸੂਚਨਾ ਦੇ ਅਧਿਕਾਰ ਤਹਿਤ ਮੋਹਾਲੀ ਵਿਚ ਪਾਰਕਿੰਗ ਵਿਵਸਥਾ ਸਬੰਧੀ ਅਹਿਮ ਜਾਣਕਾਰੀ ਮੰਗੀ ਹੈ।ਆਪਣੇ ਪੱਤਰ ਵਿਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੋਹਾਲੀ ਸ਼ਹਿਰ ਵਿਚ ਪਾਰਕਿੰਗ ਦੀ ਸਮੱਸਿਆ ਵਿਕਰਾਲ ਹੁੰਦੀ ਜਾ ਰਹੀ ਹੈ। ਇਸਦੇ ਵਾਸਤੇ ਪਾਰਕਿੰਗ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਮਲਟੀ ਸਟੋਰੀ ਪਾਰਕਿੰਗ ਵਾਸਤੇ ਕੀ ਕੋਈ ਪ੍ਰਾਵਧਾਨ ਕੀਤਾ ਗਿਆ ਹੈ। ਜੇ ਹੈ ਤਾਂ ਕਿਹੜੇ ਸੈਕਟਰਾਂ ਵਿਚ ਹੈ ਅਤੇ ਕਿੰਨੀ ਜਗ੍ਹਾ ਛੱਡੀ ਗਈ ਹੈ।
ਰਿਹਾਇਸ਼ੀ ਪੁਰਾਣੇ ਅਤੇ ਨਵੇਂ ਸੈਕਟਰਾਂ ਅਤੇ ਫੇਜ਼ਾਂ ਵਿਚ ਛੋਟੀਆਂ ਗਲੀਆਂ ਹੋਣ ਕਾਰਨ ਸੜਕਾਂ ਉੱਤੇ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਜਿਸ ਨਾਲ ਹਾਦਸੇ ਵੀ ਵਾਪਰਦੇ ਹਨ ਅਤੇ ਲੋਕਾਂ ਵਿਚ ਝਗੜੇ ਵੀ ਹੁੰਦੇ ਹਨ। ਇਸ ਵਾਸਤੇ ਕੀ ਕੋਈ ਉਪਰਾਲੇ ਕੀਤੇ ਜਾ ਰਹੇ ਹਨ। ਨਵੇਂ /ਪੁਰਾਣੇ ਸੈਕਟਰਾਂ ਵਿਚ ਕੀ ਸਿਲਟ ਪਾਰਕਿੰਗ ਦੀ ਵਿਵਸਥਾ ਦਾ ਕੋਈ ਪ੍ਰਾਵਧਾਨ ਹੈ। ਜਿਹੜੇ ਖੇਤਰਾਂ ਵਿਚ ਕਮਰਸ਼ੀਅਲ ਟਾਵਰ ਬਣੇ ਹਨ, ਉਨ੍ਹਾਂ ਕਾਰਨ ਆ ਰਹੀ ਪਾਰਕਿੰਗ ਦੀ ਸਮੱਸਿਆ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
ਕੁਲਜੀਤ ਸਿੰਘ ਬੇਦੀ ਨੇ ਪੁੱਛਿਆ ਹੈ ਕਿ ਮੋਹਾਲੀ ਦੇ ਫੇਜ਼ 8 ਵਿਚ ਬਣੀਆਂ ਸਰਕਾਰੀ ਅਤੇ ਗੈਰ ਸਰਕਾਰੀ ਬਿਲਡਿੰਗਾਂ ਵਿਚ ਰੋਜਾਨਾਂ ਹਜਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ ਜਿਨ੍ਹਾਂ ਵਾਸਤੇ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ। ਖੁਦ ਗਮਾਡਾ ਦੇ ਦਫਤਰ ਦੇ ਸਾਮ੍ਹਣੇ ਵਾਲੀ ਸੜਕ ਉੱਤੇ ਦੋਵੇਂ ਪਾਸੇ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਜਿਸ ਕਾਰਨ ਟ੍ਰੈਫਿਕ ਦੀ ਭਾਰੀ ਸਮੱਸਿਆ ਹੁੰਦੀ ਹੈ। ਇਸ ਸਬੰਧੀ ਗਮਾਡਾ ਦੀ ਪਾਰਕਿੰਗ ਵਿਵਸਥਾ ਨੂੰ ਦਰੁਸਤ ਕਰਨ ਲਈ ਕੀ ਕੋਈ ਪਲਾਨਿੰਗ ਹੈ। ਇਸੇ ਤਰ੍ਹਾਂ ਸੈਕਟਰ 71 ਵਿਚ ਆਈ.ਵੀ.ਵਾਈ., ਸੈਕਟਰ 82 ਤੋਂ ਅੱਗੇ ਆਈ.ਟੀ. ਸਿਟੀ., ਏਅਰੋਸਿਟੀ ਸਮੇਤ ਹੋਰਨਾਂ ਪ੍ਰਮੁੱਖ ਥਾਵਾਂ ਉੱਤੇ ਕਈ ਮਾਲ ਉਸਾਰੇ ਜਾ ਰਹੇ ਹਨ। ਇੱਥੇ ਵੀ ਪਾਰਕਿੰਗ ਦੀ ਸਮੱਸਿਆ ਆਉਣੀ ਤੈਹ ਹੈ। ਇਸ ਵਾਸਤੇ ਕੀ ਕੋਈ ਅਗਾਊਂ ਪ੍ਰਬੰਧ ਕੀਤੇ ਗਏ ਹਨ।ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿਚ ਫਲੋਰ ਵਾਈਜ਼ ਮਕਾਨ ਵਿਕ ਰਹੇ ਹਨ ਅਤੇ ਇਕ ਇਕ ਘਰ ਵਿਚ 6-6 ਗੱਡੀਆਂ ਹਨ। ਇਨ੍ਹਾਂ ਕਾਰਨ ਪਾਰਕਿੰਗ ਦੀ ਭਾਰੀ ਸਮੱਸਿਆ ਹੈ। ਕੀ ਇਸ ਸਬੰਧੀ ਗਮਾਡਾ ਕੋਈ ਨਿਯਮ ਬਣਾ ਰਿਹਾ ਹੈ ਜਾਂ ਪਾਰਕਿੰਗ ਦੀ ਕੋਈ ਵਿਵਸਥਾ ਕੀਤੀ ਜਾ ਰਹੀ ਹੈ।ਉਹਨਾਂ ਆਪਣੇ ਪੱਤਰ ਰਾਹੀਂ ਸਮੇਂ ਸਿਰ ਉਪਰੋਕਤ ਜਾਣਕਾਰੀ ਮੁਹਈਆ ਕਰਵਾਉਣ ਲਈ ਕਿਹਾ ਹੈ।ਇਸ ਸੰਬੰਧੀ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿਚ ਪਾਰਕਿੰਗ ਵਿਵਸਥਾ ਬਹੁਤ ਬੁਰੀ ਹਾਲਤ ਵਿਚ ਹੈ ਅਤੇ ਜੇਕਰ ਛੇਤੀ ਕਦਮ ਨਾ ਚੁੱਕੇ ਗਏ ਤਾਂ ਹਾਲਤ ਬਦਤਰ ਹੋ ਜਾਣਗੇ ਜਿਨ੍ਹਾਂ ਉੱਤੇ ਕਾਬੂ ਪਾਉਣਾ ਨਾਮੁਮਕਿਨ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਫੌਰੀ ਤੌਰ ਤੇ ਇਸ ਪਾਸੇ ਧਿਆਨ ਦਿੱਤਾ ਜਾਵੇ ਕਿਉਂਕਿ ਮੋਹਾਲੀ ਪੰਜਾਬ ਦਾ ਅਤਿ ਮਹੱਤਵਪੂਰਨ ਸ਼ਹਿਰ ਹੈ।

Leave a Reply

Your email address will not be published. Required fields are marked *