
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿਜੀਲੈਂਸ ਬਿਊਰੋ ਨੇ ਮੁਅੱਤਲ ਕਾਰਜ ਸਾਧਕ ਅਧਿਕਾਰੀ (ਈ.ਓ.), ਜ਼ੀਰਕਪੁਰ, ਗਿਰੀਸ਼ ਵਰਮਾ ਦੇ ਇੱਕ ਸਾਥੀ ਕਾਲੋਨਾਈਜਰ ਆਸ਼ੂ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ ਜੋ ਉਸ ਨੂੰ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ਵਿੱਚ ਮੱਦਦ ਕਰਨ ਤੇ ਨਜਾਇਜ ਪੈਸੇ ਨੂੰ ਨਿਵੇਸ਼ ਕਰਾਉਣ ਦਾ ਦੋਸ਼ੀ ਹੈ।
ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਅਤੇ ਆਈਪੀਸੀ ਦੀ 120-ਬੀ ਦੇ ਤਹਿਤ ਇੱਕ ਕੇਸ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਫਲਾਇੰਗ ਸਕੁਐਡ -1, ਪੰਜਾਬ, ਮੁਹਾਲੀ ਵਿਖੇ ਗਿਰੀਸ਼ ਵਰਮਾ, ਉਸਦੀ ਪਤਨੀ ਸੰਗੀਤਾ ਸ਼ਰਮਾ ਤੇ ਉਸਦੇ ਪੁੱਤਰ ਵਿਕਾਸ ਵਰਮਾ ਦੇ ਖਿਲਾਫ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਬਿਊਰੋ ਨੇ ਉਪਰੋਕਤ ਮੁਲਜਮ ਵਿਕਾਸ ਵਰਮਾ ਦੇ ਕੁਰਾਲੀ ਨਿਵਾਸੀ ਜਾਣਕਾਰ ਆਸ਼ੂ ਗੋਇਲ ਅਤੇ ਗੌਰਵ ਗੁਪਤਾ, ਨਾਮੀ ਦੋ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਉਕਤ ਈ.ਓ. ਨੂੰ ਗੈਰ ਕਾਨੂੰਨੀ ਤੌਰ ਉਤੇ ਕਮਾਇਆ ਪੈਸਾ ਜਾਇਦਾਦਾਂ ਵਿਚ ਨਿਵੇਸ਼ ਕਰਨ ਵਿੱਚ ਮੱਦਦ ਕਰਦੇ ਸਨ।
ਹੋਰ ਵੇਰਵੇ ਦਿੰਦੇ ਹੋਏ ਉਨਾਂ ਅੱਗੇ ਦੱਸਿਆ ਕਿ ਉਪਰੋਕਤ ਮੁਲਜ਼ਮ ਆਸ਼ੂ ਗੋਇਲ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਨੇ ਦੋ ਫਰਮਾਂ, ਮੈਸਰਜ਼ ਬਾਲਾ ਜੀ ਇਨਫਰਾ ਬਿਲਡਟੈਕ, ਖਰੜ ਅਤੇ ਮੈਸਰਜ਼ ਬਾਲਾ ਜੀ ਡਿਵੈਲਪਰ ਕੁਰਾਲੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਦੋਵਾਂ ਫਰਮਾਂ ਦੇ ਅਧੀਨ ਕਲੋਨੀਆਂ ਵਿਕਸਿਤ ਕੀਤੀਆਂ ਅਤੇ ਈਓ ਗਿਰੀਸ਼ ਵਰਮਾ ਨੇ ਆਪਣੇ ਪੁੱਤਰ ਰਾਹੀਂ ਇੰਨਾ ਫਰਮਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਕਮਾਇਆ ਨਜਾਇਜ ਪੈਸਾ ਸਹੀ ਦਰਸਾਉਣ (ਵਹਾਈਟ ਮਨੀ) ਲਈ ਨਿਵੇਸ਼ ਕੀਤਾ। ਉਨਾਂ ਦੱਸਿਆ ਕਿ ਮੋਹਾਲੀ ਅਦਾਲਤ ਨੇ ਉਪਰੋਕਤ ਗ੍ਰਿਫਤਾਰ ਮੁਲਜ਼ਮ ਆਸ਼ੂ ਗੋਇਲ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
Information