ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਨਗਰ ਨਿਗਮ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਪੱਤਰ ਲਿਖ ਕੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ। ਡਿਪਟੀ ਮੇਅਰ ਨੇ ਕਿਹਾ ਹੈ ਕਿ ਨਗਰ ਨਿਗਮ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭਾਰੀ ਘਾਟ ਕਾਰਨ ਕੰਮ-ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੰਕੜਿਆਂ ਦੇ ਆਧਾਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਗਰ ਨਿਗਮ ਮੋਹਾਲੀ ਵਿੱਚ 14 ਜੇਈ, 6 ਐਸਡੀਓ, 2 ਐਕਸੀਅਨ, ਵੱਡੀ ਗਿਣਤੀ ਕਲਰਕਾਂ, ਫਾਇਰਮੈਨ ਅਤੇ ਡਰਾਇਵਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਵਿੱਚ ਮੌਜੂਦਾ ਸਮੇਂ ਸਿਰਫ ਦੋ ਹੀ ਜੇਈ ਹਨ ਜਿਨ੍ਹਾਂ ਵਿੱਚੋਂ ਇੱਕ ਜੋ ਜਨ ਸਿਹਤ ਵਿਭਾਗ ਅਤੇ ਸੀਵਰੇਜ ਦੇ ਕੰਮ ਵੇਖਦਾ ਹੈ ਅਤੇ ਦੂਜਾ ਸਿਵਲ ਦੇ ਕੰਮ ਵੇਖਦਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਵੱਖ ਵੱਖ ਦਫ਼ਤਰੀ ਮੀਟਿੰਗਾਂ ਵਿੱਚ ਵੀ ਜਾਣਾ ਹੁੰਦਾ ਹੈ ਅਤੇ ਦਫ਼ਤਰੀ ਕੰਮਕਾਰ ਵੀ ਕਰਨਾ ਹੁੰਦਾ ਹੈ ਤਾਂ ਇਹ ਕਿਵੇਂ ਪੂਰੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਦੇਖਰੇਖ ਕਰ ਸਕਦੇ ਹਨ ਤੇ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕਾਰਜਾਂ ਵਿੱਚ ਖੜੌਤ ਆਉਣ ਤੇ ਲੋਕ ਕੌਂਸਲਰਾਂ ਨਾਲ ਲੜਦੇ ਹਨ ਅਤੇ ਕੌਂਸਲਰ ਨਗਰ ਨਿਗਮ ਦੀ ਕਾਰਜਸ਼ੈਲੀ ਤੇ ਸਵਾਲ ਚੁੱਕਦੇ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰੈਗੂਲਰ ਕਲਰਕਾਂ ਦੀ ਥਾਂ ਤੇ ਕੰਟਰੈਕਟ ਉਤੇ ਭਰਤੀ ਕੀਤੇ ਕਰਮਚਾਰੀਆਂ ਤੋਂ ਕੰਮ ਲਿਆ ਜਾ ਰਿਹਾ ਹੈ ਜਿਨ੍ਹਾਂ ਦੀ ਕਿਸੇ ਵੀ ਤਰ੍ਹਾਂ ਕਿਸੇ ਕੰਮ ਪ੍ਰਤੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾ ਸਕਦੀ ਜਦੋਂ ਕਿ ਰੈਗੂਲਰ ਤੌਰ ਤੇ ਰੱਖੇ ਗਏ ਕਰਮਚਾਰੀਆਂ ਦੀ ਹਰ ਕੰਮ ਪ੍ਰਤੀ ਜਵਾਬਦੇਹੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਦਾ ਲਗਾਤਾਰ ਵਿਸਤਾਰ ਹੁੰਦਾ ਜਾ ਰਿਹਾ ਹੈ ਪਰ ਸ਼ਹਿਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਨਾ ਤਾਂ ਪੂਰੇ ਫਾਇਰਮੈਨ ਹਨ ਅਤੇ ਨਾ ਹੀ ਪੂਰੇ ਡਰਾਈਵਰ ਹਨ। ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸਤੋਂ ਇਲਾਵਾ ਨਗਰ ਨਿਗਮ ਵਿੱਚ ਵੱਖ ਵੱਖ ਕਾਰਜਾਂ ਲਈ ਸਾਜ਼ੋ-ਸਮਾਨ ਅਤੇ ਮਸ਼ੀਨਰੀ ਦੀ ਵੀ ਕਮੀ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਪੋਸਟਾਂ ਦੀ ਭਰਤੀ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਹੁੰਦੀ ਸੀ ਪਰ ਇਹ ਭਰਤੀਆਂ ਵੀ ਐਸ ਐਸ ਬੋਰਡ ਰਾਹੀਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਵਾਧੂ ਦਾ ਸਮਾਂ ਖਰਚ ਕੀਤਾ ਜਾ ਰਿਹਾ ਹੈ ਪਰ ਭਰਤੀਆਂ ਨਹੀਂ ਹੋ ਰਹੀਆਂ।
ਉਨਾਂ ਸਥਾਨਕ ਸਰਕਾਰ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਫੌਰੀ ਤੌਰ ਤੇ ਧਿਆਨ ਦਿੱਤਾ ਜਾਵੇ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਤ ਨਾ ਹੋਣ।