
ਮੋਹਾਲੀ (ਮਨੀਸ਼ ਸ਼ੰਕਰ)-ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ 33 ਕਰੋੜ ਰੁਪਏ ਦੇ ਵਰਕ ਆਰਡਰ ਦਿੱਤੇ ਗਏ ਜਦੋਂ ਕਿ ਆਉਂਦੇ ਸਮੇਂ ਵਿਚ ਮੋਹਾਲੀ ਸ਼ਹਿਰ ਵਿਚ ਕੀਤੇ ਜਾਣ ਵਾਲੇ 15 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਨੂੰ ਪਾਸ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿਕਾਸ ਕਾਰਜਾਂ ਵਿਚ ਮੁੱਖ ਤੌਰ ਤੇ ਮੋਹਾਲੀ ਵਿੱਚ ਵੱਖ ਵੱਖ ਮਾਰਕੀਟਾਂ ਵਿੱਚ ਬਣੇ ਬਾਥਰੂਮਾਂ ਦੇ ਰੱਖ ਰਖਾਵ ਦੇ ਕੰਮ, ਜਨ ਸਿਹਤ ਵਿਭਾਗ ਅਤੇ ਸੀਵਰੇਜ ਦੇ ਰੱਖ ਰਖਾਵ ਦੇ ਕੰਮ, ਲਗਭਗ ਸਾਰੇ ਹੀ ਵਾਰਡ ਦੇ ਪਾਰਕਾਂ ਦੇ ਵਿਕਾਸ ਕਾਰਜ, ਫੁੱਟਪਾਥਾਂ ਦੇ ਰਿਪੇਅਰ ਦੇ ਕੰਮ, ਕਰਬ ਚੈਨਲਾਂ ਦੇ ਰਿਪੇਅਰ ਦੇ ਕੰਮ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਕੰਮਾਂ ਵਿੱਚ ਰੋਡ ਸੇਫ਼ਟੀ ਦੇ ਕੰਮ, ਮਿਉਂਸਪਲ ਕਾਰਪੋਰੇਸ਼ਨ ਦੀ ਬਿਲਡਿੰਗ ਦੇ ਰੱਖ-ਰਖਾਵ ਦੇ ਕੰਮ, ਫੇਜ਼ 2, 3ਏ ਅਤੇ 3ਬੀ1 ਵਿੱਚ ਖੇਡ ਗਰਾਊਂਡ ਬਣਾਉਣ ਦੇ ਕੰਮ, ਵੱਖ ਵੱਖ ਵਾਰਡਾਂ ਵਿਚ ਪੇਵਰ ਬਲਾਕ ਲਗਾਉਣ ਦੇ ਕੰਮ, ਕਈ ਇਲਾਕਿਆਂ ਵਿੱਚ ਸਿਵਰੇਜ ਅਤੇ ਸਟਾਰਮ ਲਾਈਨਾਂ ਨੂੰ ਬਦਲਣ ਅਤੇ ਨਵੀਆਂ ਰੋਡ ਗਲੀਆਂ ਬਨਾਉਣ ਦੇ ਕੰਮ, ਮੁੱਖ ਸੜਕਾਂ ਦੀਆਂ ਬਰਮਾਂ ਅਤੇ ਸੈਂਟਰ ਵਰਜ਼ ਦੇ ਸੁੰਦਰੀਕਰਨ ਦੇ ਕੰਮ, ਸੜਕਾਂ ਬਣਾਉਣ ਦੇ ਕੰਮ, ਵੱਖ ਵੱਖ ਵਾਰਡਾਂ ਵਿਚ ਸਾਈਨ ਬੋਰਡ ਲਗਾਉਣ ਦੇ ਕੰਮ, ਜੋ਼ਨ 2 ਵਿੱਚ ਪੈਂਦੇ ਵਾਰਡ ਵਿੱਚ ਪੈਚਵਰਕ ਲਗਾਉਣ ਦੇ ਕੰਮ, ਫੌਗਿੰਗ ਮਸ਼ੀਨ ਦੀ ਖਰੀਦ, ਸ਼ਹਿਰ ਦੀਆਂ ਏ ਅਤੇ ਬੀ ਸੜਕਾਂ ਦੀ ਮਕੈਨਿਕਲ ਸਵੀਪਿੰਗ ਕਰਾਉਣ ਦੇ ਕੰਮ, ਇਨ੍ਹਾਂ ਸੜਕਾਂ ਦੀ ਹੀ ਮੈਨੂਅਲ ਸਵੀਪਿੰਗ ਦੇ ਕੰਮ, ਵੱਖ ਵੱਖ ਵੱਖ ਟਰੈਫਿਕ ਸਿਗਨਲ ਲਈ ਬੈਟਰੀ-ਬੈਂਕ ਦੀ ਖਰੀਦ, ਪਿੰਡ ਮਦਨਪੁਰ ਵਿੱਚ ਪਾਰਕ ਵਿਕਸਤ ਕਰਨ, ਵੱਖ ਵੱਖ ਵਾਰਡਾਂ ਵਿਚ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ, ਐਨ ਚੋਅ ਦੀ ਸਫਾਈ ਦੇ ਕੰਮ, ਟਿੱਪਰ ਡੰਪਰ ਦੀ ਖਰੀਦ ਸਮੇਤ ਕਈ ਵੱਡੇ ਕੰਮ ਸ਼ਾਮਲ ਹਨ।
ਮੀਟਿੰਗ ਤੋਂ ਬਾਅਦ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੋਹਾਲੀ ਵਿਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਸਾਂਝੇ ਕੰਮ ਵੀ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੀ ਟੀਮ ਨਾਲ ਸਮੇਂ ਸਮੇਂ ਸਿਰ ਇਨ੍ਹਾਂ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਵੀ ਕਰਦੇ ਹਨ ਤਾਂ ਜੋ ਸਮੇਂ ਸਿਰ ਇਹ ਕੰਮ ਹੋ ਸਕਣ ਅਤੇ ਕੁਆਲਟੀ ਵਿਚ ਕਿਸੇ ਤਰਾਂ ਦਾ ਸਮਝੌਤਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ, ਜਾਇੰਟ ਕਮਿਸ਼ਨਰ ਕਿਰਨ ਸ਼ਰਮਾ, ਐੱਸ ਈ ਨਰੇਸ਼ ਬੱਤਾ, ਮੈਂਬਰ ਕੌਂਸਲਰ ਜਸਬੀਰ ਸਿੰਘ ਮਣਕੂ, ਅਨੁਰਾਧਾ ਅਨੰਦ, ਸਮੂਹ ਐਕਸੀਅਨ,ਐਸ ਡੀ ਓ ਹਾਜ਼ਰ ਸਨ।