
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਬਜਟ ਉੱਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਇਸ ਬਜਟ ਵਿੱਚ ਕੁਝ ਵੀ ਅਜਿਹਾ ਨਹੀਂ ਕੀਤਾ ਜਿਸ ਨਾਲ ਇਸ ਨੂੰ ਪ੍ਰਗਤੀਸ਼ੀਲ ਬਜਟ ਕਿਹਾ ਜਾ ਸਕੇ ਜਾਂ ਇਸ ਬਜਟ ਦੀ ਸ਼ਲਾਘਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਲਟਾ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਸਰਕਾਰ ਇਸ ਮੁੱਦੇ ਤੇ ਪੂਰੀ ਤਰਾਂ ਚੁੱਪ ਵੱਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਕੋਈ ਗੱਲ ਤਾਜ਼ਾ ਬਜਟ ਵਿੱਚ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੇ ਸਿਰ ਕਰਜਾ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਵਿੱਚ ਪੂਰੀ ਤਰ੍ਹਾਂ ਪਛੜ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਵਾਸਤੇ ਫੰਡ ਜੁਟਾਉਣ ਵਿੱਚ ਵੀ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਦਾ ਵਿੱਤੀ ਘਾਟਾ ਵੀ ਲਗਭਗ ਦੁਗਣਾ ਹੋ ਚੁੱਕਿਆ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਦਾ ਕਰਜਾ ਵੱਧ ਰਿਹਾ ਹੈ, ਉਸ ਨਾਲ ਜੇਕਰ ਪੰਜਾਬ ਸਰਕਾਰ ਆਪਣੀਆਂ ਸਹੇਲੀਆਂ ਨੂੰ ਜਾਰੀ ਰਖਦੀ ਹੈ ਤਾਂ ਵਿਕਾਸ ਕਾਰਜ ਕਿੱਥੋਂ ਹੋਣਗੇ।
ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਕਰਵਾਈ ਗਈ ਇਨਵੈਸਟਰ ਮੀਟ ਵੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਬਣਦਾ ਜਾ ਰਿਹਾ ਹੈ ਉਸ ਨਾਲ ਏਥੇ ਕੋਈ ਨਵਾਂ ਨਿਵੇਸ਼ਕ ਆਉਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਨ ੳਅਤਾਂ ਲਈ ਕੋਈ ਵਧੀਆ ਨੀਤੀ ਨਾ ਹੋਣ ਕਰਕੇ ਪੰਜਾਬ ਦੇ ਉਦਯੋਗ ਤਬਾਹ ਹੋ ਰਹੇ ਹਨ ਤੇ ਪੰਜਾਬ ਤੋਂ ਬਾਹਰ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਭਾਵੇਂ ਪੰਜਾਬ ਸਰਕਾਰ ਨੇ ਨਵਾਂ ਟੈਕਸ ਲਗਾਇਆ ਪਰ ਪਟਰੋਲੀਅਮ ਪਦਾਰਥਾਂ ਨੂੰ ਘਟਾਉਣ ਲਈ ਕੋਈ ਕਦਮ ਇਸ ਬਜਟ ਵਿੱਚ ਚੁੱਕਿਆ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕੇ ਵੱਡੀ ਗੱਲ ਇਹ ਹੈ ਕਿ ਸਿੱਖਿਆ ਵਾਸਤੇ ਇਸ ਵਾਰ ਜੋ ਬਜਟ ਰੱਖਿਆ ਗਿਆ ਹੈ ਉਸ ਤੋਂ ਵੱਧ ਬਿਜਲੀ ਮਾਫੀ ਦੀ ਸਬਸਿਡੀ ਹੈ ਜੋ ਕਿ ਕੋਈ ਵਧੀਆ ਗੱਲ ਨਹੀਂ ਕਹੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਇਹ ਬਜਟ ਸਿਰਫ ਲਿਫਾਫੇਬਾਜ਼ੀ ਹੈ ਅਤੇ ਇਸ ਨੂੰ ਕਿਸੇ ਵੀ ਤਰਾਂ ਪ੍ਰਗਤੀਸ਼ੀਲ ਬਜਟ ਨਹੀਂ ਕਿਹਾ ਜਾ ਸਕਦਾ।