
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਨਗਰ ਨਿਗਮ ਦੇ ਮੇਅਰ ਸ੍ਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਲਗਾਤਾਰ ਕੰਮ ਕਰ ਰਿਹਾ ਹੈ| ਨਗਰ ਨਿਗਮ ਵਲੋਂ 47 ਲੱਖ ਰੁਪਏ ਦੀ ਕੀਮਤ ਨਾਲ ਲਿਆਂਦੀਆਂ 2 ਪਰੂਨਿਗ ਮਸ਼ੀਨਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਉਹਨਾਂ ਕਿਹਾ ਕਿ ਇਹਨਾਂ ਮਸ਼ੀਨਾਂ ਦੇ ਆ ਜਾਣ ਨਾਲ ਹੁਣ ਸ਼ਹਿਰ ਵਿੱਚ ਦਰਖਤਾਂ ਦੀ ਛੰਗਾਈ ਦਾ ਕੰਮ ਹੋਰ ਵੀ ਬਿਹਤਰ ਤਰੀਕੇ ਨਾਲ ਮੁਕੰਮਲ ਹੋ ਸਕੇਗਾ| ਇਸ ਮੌਕੇ ਉਹਨਾਂ ਦੇ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਸ੍ਰ ਕੁਲਜੀਤ ਸਿੰਘ ਬੇਦੀ ਵੀ ਹਾਜਿਰ ਸਨ| ਉਹਨਾਂ ਦੱਸਿਆ ਕਿ ਇਹਨਾਂ ਮਸ਼ੀਨਾਂ ਨੂੰ ਸਪਲਾਈ ਕਰਨ ਵਾਲੀ ਕੰਪਨੀ ਵਲੋਂ 2 ਸਾਲ ਤਕ ਇਹਨਾਂ ਮਸ਼ੀਨਾਂ ਦੇ ਰੱਖ ਰਖਾਓ ਦੀ ਜਿੰਮੇਵਾਰੀ ਵੀ ਸੰਭਾਲੀ ਜਾਵੇਗੀ|
ਮੇਅਰ ਨੇ ਦੱਸਿਆ ਕਿ ਨਗਰ ਨਿਗਮ ਕੋਲ ਪਹਿਲਾਂ ਤਿੰਨ ਪਰੂਨਿਗ ਮਸ਼ੀਨਾਂ ਹਨ ਅਤੇ ਹੁਣ ਦੋ ਹੋਰ ਮਸ਼ੀਨਾਂ ਆ ਜਾਣ ਨਾਲ ਨਿਗਮ ਕੋਲ ਮਸ਼ੀਨਾਂ ਦੀ ਗਿਣਤੀ ਵੱਧ ਹੋ ਗਈ ਹੈ| ਉਹਨਾਂ ਕਿਹਾ ਕਿ ਸ਼ਹਿਰ ਦੀਆਂ ਚਾਰ ਜੋਨਾਂ ਵਾਸਤੇ ਇੱਕ ਇੱਕ ਮਸ਼ੀਨ ਰੱਖੀ ਜਾਵੇਗੀ ਅਤੇ ਇੱਕ ਮਸ਼ੀਨ ਲੋੜ ਅਨੁਸਾਰ ਵੱਧ ਕੰਮ ਵਾਲੇ ਜੋਨ ਵਿੱਚ ਭੇਜੀ ਜਾਵੇਗੀ| ਉਹਨਾਂ ਕਿਹਾ ਕਿ ਮਸ਼ੀਨਾਂ ਦੀ ਗਿਣਤੀ ਵਧਣ ਨਾਲ ਸ਼ਹਿਰ ਵਾਸੀਆਂ ਨੂੰ ਪਰੂਨਿਗ ਕਰਵਾਉਣ ਲਈ ਆਉਣ ਵਾਲੀਆਂ ਦਿੱਕਤਾਂ ਪੂਰੀ ਤਰ੍ਹਾਂ ਹਲ ਹੋ ਜਾਣਗੀਆਂ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ੍ਰ ਸੁੱਚਾ ਸਿੰਘ ਕਲੌੜ, ਸਮਾਜਸੇਵੀ ਆਗੂ ਸ੍ਰ ਗੁਰਸਾਹਿਬ ਸਿੰਘ, ਅਸ਼ਸੋਕ ਕੌਂਡਲ, ਲਖਮੀਰ ਸਿੰਘ, ਨੰਬਰਦਾਰ ਨਛੱਤਰ ਸਿੰਘ ਵੀ ਹਾਜਿਰ ਸਨ|