ਐਸ.ਐਸ.ਪੀ. ਵੱਲੋਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਜ਼ਿਲ੍ਹੇ ਵਿੱਚ ਕਿਸੇ ਵੀ ਸੂਰਤ ਚ ਸ਼ਾਤੀ ਭੰਗ ਨਾ ਹੋਣ ਦੇਣ ਦਾ ਐਲਾਨ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਖਾਸਕਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਦੇ ਬਾਹਰੋ ਧਰਨਾ ਚੁਕਾਇਆ ਗਿਆ ਹੈ।ਗੁਰਦੁਆਰਾ ਸਾਹਿਬ ਦੇ ਬਾਹਰੋਂ ਧਰਨਾ ਹਟਾਏ ਜਾਣ ਦੇ ਬਾਅਦ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਰਨੇ ਕਾਰਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਲਈ ਆਉਣ ਵਾਲੀ ਸੰਗਤ ਤੋਂ ਇਲਾਵਾ ਇਸ ਸੜਕ ਦੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਧਰਨੇ ਦੇ ਕਾਰਨ ਧਰਨਾਕਾਰੀਆਂ ਦਾ ਸੰਗਤ ਅਤੇ ਲੋਕਾਂ ਨਾਲ ਟਕਰਾਅ ਪੈਦਾ ਹੋਣ ਲੱਗ ਪਿਆ ਸੀ । ਇਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਅਨੇਕਾਂ ਲੋਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ । ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਅਤੇ ਸੰਗਤ / ਆਮ ਲੋਕਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਇਹ ਧਰਨਾਂ ਚੁਕਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸ਼ਾਤੀ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ।ਇੱਕ ਸੁਆਲ ਦੇ ਜੁਆਬ ਵਿੱਚ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਸਾਰੀਆਂ ਸ਼ੜਕਾਂ ‘ਤੇ ਆਵਾਜਾਈ ਖੁੱਲ ਗਈ ਹੈ ਅਤੇ ਇਸ ਸਮੇਂ ਮੋਹਲੀ ਸ਼ਹਿਰ ਦੀ ਕੋਈ ਵੀ ਸੜਕ ਬੰਦ ਨਹੀਂ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਲਤ ਪੂਰੀ ਤਰ੍ਹਾਂ ਸ਼ਾਤੀਪੂਰਨ ਅਤੇ ਆਮ ਵਰਗੇ ਹਨ । ਇਸ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ । ਸ੍ਰੀਮਤੀ ਆਸ਼ਿਕਾ ਜੈਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਵੀ ਮੰਗ ਕੀਤੀ ।

ਇਸੇ ਦੌਰਾਨ ਜ਼ਿਲ੍ਹੇ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਧਰਨੇ ਦੌਰਾਨ ਕੁਝ ਲੋਕਾਂ ਵੱਲੋਂ ਸ਼ਾਤੀ ਭੰਗ ਕਰਨ ਦੀਆਂ ਕੋਸ਼ਿਸਾਂ ਕੀਤੀਆ ਜਾ ਰਹੀਆ ਸਨ । ਧਰਨਾਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਪੰਚਾਇਤਾਂ ਦੇ ਮੈਂਬਰਾ ਨਾਲ ਧੱਕਾ ਮੁੱਕੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ । ਇਸੇ ਕਰਕੇ ਸ਼ਾਤੀ ਬਹਾਲੀ ਦੇ ਮੱਦੇਨਜ਼ਰ ਧਰਨੇ ਨੂੰ ਚੁਕਾਇਆ ਗਿਆ ਹੈ । ਲੋਕਾਂ ਨੂੰ ਅਫ਼ਵਾਹਾ ਤੋਂ ਬਚਣ ਦੀ ਅਪੀਲ ਕਰਦੇ ਹੋਏ ਡਾ. ਗਰਗ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਤਰ੍ਹਾਂ ਦੀ ਪੁਖਤਾ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ । ਇਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਧਰਨੇ ਨੂੰ ਚੁਕਾਉਣ ਸਮੇਂ ਪੁਲਿਸ ਮੁਲਾਜ਼ਮਾਂ ਸਮੇਤ ਕੁੱਝ ਵਿਅਕਤੀ ਜ਼ਖਮੀ ਹੋਏ ਹਨ ਜ਼ਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ 25 ਕੁ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ।ਇਸ ਮੌਕੇ ਮੋਹਾਲੀ ਦੇ ਐਸ.ਡੀ.ਐਮ ਸ੍ਰੀਮਤੀ ਸਰਬਜੀਤ ਕੌਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *