ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਬੰਦ ਪਏ  ਖੇਡ ਸਟੇਡੀਅਮ ਫੌਰੀ ਤੌਰ ਤੇ ਖੁਲਵਾਏ ਜਾ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਹਾਸਲ ਹੋ ਸਕੇ।

ਅੱਜ ਡਿਪਟੀ ਕਮਿਸ਼ਨਰ ਨੂੰ ਉਨਾਂ ਦੇ ਦਫਤਰ ਵਿੱਚ ਮਿਲਣ ਪਹੁੰਚੇ ਡਿਪਟੀ ਮੇਅਰ ਬੇਦੀ ਨੇ ਉਨ੍ਹਾਂ ਪੱਤਰ ਸੌਂਪਦਿਆਂ ਬੇਨਤੀ ਕੀਤੀ ਕਿ ਮੋਹਾਲੀ ਵਿਚ ਗਮਾਡਾ ਵੱਲੋਂ ਬਣਾਏ ਗਏ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹਨ। ਹਾਲਾਂ ਕਿ ਇਨ੍ਹਾਂ ਖੇਡ ਸਟੇਡੀਅਮਾਂ  ਉਤੇ ਕਰੋੜਾਂ ਰੁਪਏ ਰੈਨੋਵੇਸ਼ਨ ਦੇ ਨਾਂ ਉਤੇ ਖਰਚ ਕੀਤੇ ਗਏ ਸਨ ਪਰ ਉਸਦੇ ਬਵਜ਼ੂਦ ਇਨ੍ਹਾਂ ਖੇਡ ਸਟੇਡੀਅਮਾਂ ਨੂੰ ਲੋਕਾਂ ਵਾਸਤੇ ਖੋਲ੍ਹਿਆ ਨਹੀਂ ਗਿਆ। ਇਸ ਨਾਲ ਇਕ ਤਾਂ ਗਮਾਡਾ ਦੇ ਅਧਿਕਾਰੀਆਂ ਵੱਲੋਂ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਹੂਲਤ ਦੇ ਨਾਮ ਤੇ ਕੁਝ ਵੀ ਹਾਸਲ ਨਹੀਂ ਹੋਇਆ।

ਡਿਪਟੀ ਮੇਅਰ ਬੇਦੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਇਸ ਮਾਮਲੇ ਵਿਚ ਉਹਨਾਂ ਨੇ ਕਈ ਵਾਰ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸਮੇਤ ਪਿਛਲੇ ਮੰਤਰੀ ਅਤੇ ਮੁੱਖ ਮੰਤਰੀ ਤੱਕ ਨੂੰ ਕਈ ਪੱਤਰ ਲਿਖੇ ਹਨ ਪਰ ਇਹਨਾ ਸਟੇਡੀਅਮਾਂ ਨੂੰ ਚਾਲੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁਹਾਲੀ ਵਿੱਚ ਮੌਜੂਦਾ ਸਮੇਂ ਸਿਰਫ ਦੋ ਹੀ ਖੇਡ ਸਟੇਡੀਅਮ ਚਾਲੂ ਹਨ ਜੋ ਕਿ ਗਮਾਡਾ ਵੱਲੋਂ ਬਣਾ ਕੇ ਖੇਡ ਵਿਭਾਗ ਨੂੰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਫੇਜ਼ 9 ਅਤੇ ਦੂਜਾ ਸੈਕਟਰ 78 ਵਿੱਚ ਹੈ। ਇਸ ਤੋਂ ਇਲਾਵਾ ਇਕ ਖੇਡ ਸਟੇਡੀਅਮ ਸੈਕਟਰ-69 ਵਿੱਚ ਇੱਕ ਪ੍ਰਾਈਵੇਟ ਸਕੂਲ ਵੱਲੋਂ ਚਲਾਇਆ ਜਾ ਰਿਹਾ ਹੈ ਜੋ ਠੇਕੇ ਤੇ ਲਿਆ ਗਿਆ ਹੈ ਅਤੇ ਉਕਤ ਸਕੂਲ ਨੇ ਇਸ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ।

ਡਿਪਟੀ ਮੇਅਰ ਬੇਦੀ ਨੇ ਡੀਸੀ ਮੋਹਾਲੀ ਨੂੰ ਦੱਸਿਆ ਕਿ ਇਸ ਤੋਂ ਇਲਾਵਾ ਫੇਜ਼ 11, ਫੇਜ਼ 7, ਫੇਜ਼ 5, ਸੈਕਟਰ 71 ਦੇ ਖੇਡ ਸਟੇਡੀਅਮ ਬੰਦ ਪਏ ਹਨ ਜਦੋਂ ਕਿ ਇਹਨਾਂ ਦੀ ਰੈਨੋਵੇਸ਼ਨ ਹੋਈ ਨੂੰ ਵੀ ਡੇੜ ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਸਵਾਲ ਉਠਦਾ ਹੈ ਕਿ ਜੇ ਕਰ ਸਟੇਡੀਅਮ ਖੋਲ੍ਹਣੇ ਹੀ ਨਹੀਂ ਸਨ ਤਾਂ ਇਹਨਾਂ ਦੀ ਰੈਨੋਵੇਸ਼ਨ ਉਤੇ ਕਰੋੜਾਂ ਰੁਪਏ ਕਿਉਂ ਖ਼ਰਚ ਕੀਤੇ ਗਏ ਹਨ।

ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਸੈਕਟਰ-71 ਅਤੇ ਫੇਜ-5 ਦੇ ਖੇਡ ਸਟੇਡੀਅਮ ਵਿੱਚ ਸਵਿਮਿੰਗ ਪੂਲ ਵੀ ਬਣੇ ਹੋਏ ਹਨ ਜੋ ਅਪ੍ਰੈਲ ਤੋਂ ਖੁਲ੍ਹਦੇ ਹੁੰਦੇ ਹਨ ਪਰ ਇਹ ਵੀ ਨਹੀਂ ਖੋਲ੍ਹੇ ਗਏ ਅਤੇ ਮੋਹਾਲੀ ਦੇ ਲੋਕ ਮੋਹਾਲੀ ਦੇ ਚੁਣੇ ਹਨ ਨੁਮਾਇੰਦਿਆਂ ਨੂੰ  ਸਵਾਲ ਕਰਦੇ ਹਨ। ਕਿਉਂਕਿ ਇਹ ਸਟੇਡੀਅਮ ਗਮਾਡਾ ਦੇ ਅਧੀਨ ਹਨ ਇਸ ਕਰਕੇ ਕੌਂਸਲਰਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ। 

ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿੱਚ ਨਿਜੀ ਦਿਲਚਸਪੀ ਲੈ ਕੇ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਇਹ ਸਟੇਡੀਅਮ ਫੌਰੀ ਤੌਰ ਤੇ ਖੋਲੇ ਜਾਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਹਾਸਲ ਹੋ ਸਕੇ। ਡਿਪਟੀ ਮੇਅਰ ਬੇਦੀ ਨੇ ਇਹ ਵੀ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਇਨ੍ਹਾਂ ਖੇਡ ਸਟੇਡੀਅਮ ਨੂੰ ਖੋਲ੍ਹਿਆ ਕਿਉਂ ਨਹੀਂ ਗਿਆ।

Leave a Reply

Your email address will not be published. Required fields are marked *