ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਸ਼ਹਿਰ ਵਿਚ ਸੀਵਰੇਜ ਜਾਮ ਦੀ ਸਮੱਸਿਆ ਦੇ ਹੱਲ ਅਤੇ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਰੋਡ ਗਲੀਆਂ ਦੀ ਸਫਾਈ ਦੇ ਨਾਲ ਨਾਲ ਡਰੇਨੇਜ ਵਿਵਸਥਾ ਨੂੰ ਮਜਬੂਤ ਕਰਨ ਲਈ ਅੱਜ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਰਹੇ।

ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਤੇ ਮੁਹਾਲੀ ਵਿਖੇ ਮੁੱਖ ਸੀਵਰੇਜ ਦੀ ਵੱਡੀ ਪਾਈਪ  ਪਾਈ ਜਾ ਚੁੱਕੀ ਹੈ ਪਰ ਅੰਦਰੂਨੀ ਖੇਤਰਾਂ ਵਿਚੋਂ ਹਾਲੇ ਵੀ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਨੂੰ  ਖੋਲ੍ਹਣ ਲਈ ਮਸ਼ੀਨਾਂ ਵੀ ਭੇਜੀਆਂ ਜਾਂਦੀਆਂ ਹਨ ਅਤੇ ਕਰਮਚਾਰੀ ਵੀ  ਲਗਾਤਾਰ ਕੰਮ ਕਰਦੇ ਹਨ ਪਰ ਇਸ ਸਮੱਸਿਆ ਦਾ ਪੱਕ ਹੱਲ ਕੱਢਣ ਲਈ ਪੁਰਾਣੇ ਸੀਵਰੇਜ ਸਿਸਟਮ ਨੂੰ ਬਦਲਣ ਦੀ ਲੋੜ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਡਰੇਨੇਜ ਦੀਆਂ ਪਾਈਪਾਂ ਅਤੇ ਰੋਡ ਗਲੀਆਂ ਦੀ ਸਫਾਈ ਤੋਂ ਇਲਾਵਾ ਜਿੱਥੇ-ਜਿੱਥੇ ਨਵੀਆਂ ਰੋਡ ਗਲੀਆਂ ਦੀ ਲੋੜ ਹੈ ਉਥੇ ਨਵੀਆਂ ਰੋਡ ਗਲੀਆਂ ਬਣਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੇਜ-5 ਸਮੇਤ ਕਈ ਥਾਵਾਂ ਤੇ ਕਾਜ਼-ਵੇ ਉਸਾਰੇ ਗਏ ਹਨ ਜਿੱਥੇ ਪਾਣੀ ਰੁਕਦਾ ਸੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿਚ ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਇਸ ਲਈ ਪ੍ਰਬੰਧ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਫੇਜ-11, ਫੇਜ਼-4, ਫੇਜ਼ 5, ਫੇਜ਼ 3ਬੀ2 ਅਤੇ ਇਸ ਤੋਂ ਇਲਾਵਾ ਹੋਰ ਨੀਵੇਂ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿਚ ਮੋਹਾਲੀ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਮੁਹਾਲੀ ਵਿੱਚ ਜਿੱਥੇ ਕਿਤੇ ਵੀ ਪਾਈਪਾਂ ਵਿਚ ਗਾਦ ਜਮ੍ਹਾਂ ਹੋਣ ਦੀ ਸਮਸਿਆ ਹੈ, ਉਸ ਨਾਲ ਫ਼ੌਰੀ ਤੌਰ ਤੇ ਹਲ ਕੀਤਾ ਜਾਵੇ ਅਤੇ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਹ ਕੰਮ ਮੁਕੰਮਲ ਕਰਵਾਇਆ ਜਾਵੇ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਵੱਖ-ਵੱਖ ਥਾਵਾਂ ਦਾ ਜਿਕਰ ਕੀਤਾ ਜਿੱਥੇ ਪਾਣੀ ਖੜ੍ਹਾ ਹੁੰਦਾ ਹੈ ਅਤੇ ਇਸ ਦੇ ਹੱਲ ਲਈ ਅਜਿਹੀਆਂ ਥਾਵਾਂ ਉਤੇ ਪੰਪਸੈੱਟ ਲਗਾਉਣ ਲਈ ਕਿਹਾ ਤਾਂ ਜੋ ਪਾਣੀ ਇਕੱਠਾ ਹੋਣ ਦੀ ਸੂਰਤ ਵਿੱਚ ਉਸਨੂੰ ਫੌਰੀ ਤੌਰ ਤੇ ਉਥੋਂ ਕੱਢਿਆ ਜਾ ਸਕੇ।ਇਸ ਮੌਕੇ ਨਗਰ ਨਿਗਮ ਦੇ ਐਸਈ ਨਰੇਸ਼ ਗੁਪਤਾ, ਐਕਸੀਅਨ ਮੋਹਨ ਲਾਲ, ਜਨ ਸਿਹਤ ਵਿਭਾਗ ਦੇ ਐਕਸੀਅਨ ਗੁਰਪ੍ਰਕਾਸ਼ ਸਿੰਘ, ਐਸ ਡੀ ਓ ਰਮਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜਰ ਸਨ।

Leave a Reply

Your email address will not be published. Required fields are marked *