ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਸਐਸਪੀ ਮੋਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਦੇ ਰਿਹਾਇਸ਼ੀ ਖੇਤਰਾਂ ਵਿੱਚ ਪੁਲੀਸ ਚੌਕਸੀ ਵਧਾਈ ਜਾਵੇ ਅਤੇ ਬੀਟ ਬਾਕਸ ਕਾਇਮ ਕੀਤੇ ਜਾਣ।

ਕੁਲਜੀਤ ਸਿੰਘ ਬੇਦੀ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਮੋਹਾਲੀ ਵਿਖੇ ਛੋਟੀਆਂ-ਮੋਟੀਆਂ ਚੋਰੀਆਂ ਦੀ ਗਿਣਤੀ ਵਧਦੀ  ਜਾ ਰਹੀ ਹੈ ਅਤੇ ਚੋਰ ਬੇਖੌਫ਼ ਹੋ ਕੇ ਲੋਕਾਂ ਦੇ ਘਰਾਂ ਅੰਦਰ ਵੜ ਕੇ ਇਨਵਰਟਰ  ਦੀਆਂ ਬੈਟਰੀਆਂ, ਗੈਸ ਸਲੰਡਰ ਅਤੇ ਹੋਰ ਸਮਾਨ ਚੋਰੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਕਈ ਘਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ, ਪਰ ਇਹ ਚੋਰ ਬੇਖੌਫ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਵੜ ਜਾਂਦੇ ਹਨ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਵਿੱਚ ਰਿਹਾਇਸ਼ੀ ਖੇਤਰਾਂ ਵਿਚ ਪੈਂਦੇ ਵੱਡੀ ਗਿਣਤੀ ਘਰਾਂ ਵਿੱਚ ਸਿਰਫ ਬਜੁਰਗ ਹੀ ਰਹਿ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹਨਾਂ ਚੋਰਾਂ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਹੌਸਲਾ ਹੋਰ ਵਧੇਗਾ ਅਤੇ ਇਹ ਚੋਰ ਲੁੱਟ-ਮਾਰ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਸਕਦੇ ਹਨ। 

ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਲਈ ਵਧੀਆ ਕੰਮ ਕਰ ਰਹੀ ਹੈ ਪਰ ਰਿਹਾਇਸ਼ੀ ਖੇਤਰਾਂ ਵਿੱਚ ਚੌਕਸੀ ਵਧਾਈ ਜਾਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਿਹਾਇਸ਼ੀ ਖੇਤਰਾਂ ਵਿੱਚ ਵੱਖ ਵੱਖ ਬੀਟ ਬਾਕਸ ਬਣਾ ਦਿੱਤੇ ਜਾਣ ਤਾਂ ਇਸ ਨਾਲ ਚੋਰੀ ਦੀਆਂ ਇਹਨਾਂ ਘਟਨਾਵਾਂ ਉਤੇ ਠੱਲ੍ਹ ਪੈ ਸਕੇਗੀ ਅਤੇ ਲੋਕਾਂ ਨੂੰ ਅਜਿਹੇ ਚੋਰਾਂ ਤੋਂ ਨਿਜਾਤ ਹਾਸਲ ਹੋਵੇਗੀ।

Leave a Reply

Your email address will not be published. Required fields are marked *